ਖੇਤਰੀ ਪ੍ਰਤੀਨਿਧ
ਧੂਰੀ, 9 ਜੂਨ
‘ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ’ਤੇ ਕਾਬੂ ਰੱਖਣ ਸਮੇਤ ਹਰੇਕ ਫਰੰਟ ’ਤੇ ‘ਆਪ’ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਪੰਜਾਬ ਅੰਦਰ ਰੋਜ਼ਾਨਾ ਹੋ ਰਹੀਆਂ ਕਤਲੋ-ਗਾਰਦ ਦੀਆਂ ਘਟਨਾਵਾਂ ਇਸ ਦਾ ਸਬੂਤ ਹਨ।’ ਇਹ ਗੱਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਗਰੇਵਾਲ ਨੇ ਕਿਹਾ ਕਿ ਦੇਸ਼-ਵਿਦੇਸ਼ ’ਚ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਵੀ ‘ਆਪ’ ਸਰਕਾਰ ਜ਼ਿੰਮੇਵਾਰ ਹੈ ਅਤੇ 10 ਦਿਨਾਂ ਬਾਅਦ ਵੀ ਪੁਲੀਸ ਉਸ ਦੇ ਕਾਤਲਾਂ ਨੂੰ ਫੜਨ ’ਚ ਨਾਕਾਮ ਸਾਬਿਤ ਹੋਈ ਹੈ।
ਉਨ੍ਹਾਂ ਕਿਹਾ ਕਿ ਮਹਿਜ਼ ਢਾਈ ਮਹੀਨੇ ਦੇ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਵੀ ਪੂਰਾ ਕਰਨ ’ਚ ‘ਆਪ’ ਸਰਕਾਰ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲਾਂ ਹੀ ਪੰਜਾਬ ਅੰਦਰੋਂ ਖਤਮ ਹੋ ਚੁੱਕੀ ਹੈ ਅਤੇ ‘ਆਪ’ ਸਰਕਾਰ ਨੂੰ ਕਰਾਰਾ ਸਬਕ ਸਿਖਾਉਣ ਲਈ ਲੋਕ ਸਭਾ ਹਲਕਾ ਸੰਗਰੂਰ ਦੇ ਲੋਕ ਅਕਾਲੀ ਉਮੀਦਵਾਰ ਭੈਣ ਕਮਲਦੀਪ ਕੌਰ ਰਾਜੌਆਣਾ ਨੂੰ ਵੋਟ ਪਾਉਣਗੇ। ਇਸ ਮੌਕੇ ਅਕਾਲੀ ਆਗੂ ਪ੍ਰਕਾਸ਼ ਚੰਦ ਗਰਗ, ਕੌਂਸਲਰ ਅਜੇ ਪਰੋਚਾ, ਜਗਜੀਤ ਸਿੰਘ ਲੀਲਾ ਬੁਗਰਾ ਤੇ ਹੋਰ ਵੀ ਹਾਜ਼ਰ ਸਨ।