ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਸਤੰਬਰ
ਮਨਰੇਗਾ ਕਾਮਿਆਂ ਨੂੰ ਇੱਕ ਸਾਲ ’ਚ ਸੌ ਦਿਨ ਦਾ ਰੁਜ਼ਗਾਰ ਨਿਰਧਾਰਤ ਨਿਯਮਾਂ ਤਹਿਤ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ‘ਡੈਮੋਕ੍ਰੇਟਿਕ ਮਨਰੇਗਾ ਫਰੰਟ( ਡੀਐੱਮਐੱਫ) ਦੀ ਸੂਬਾਈ ਇਕੱਤਰਤਾ ਅੱਜ ਇਥੇ ਦਾਣਾ ਮੰਡੀ ਵਿੱਚ ਹੋਈ। ਇਸ ਦੌਰਾਨ ਮਨਰੇਗਾ ਨੂੰ ਸਹੀ ਤਰੀਕੇ ਨਾਲ ਲਾਗੂ ਕਰਾਉਣ ’ਤੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਬੁਲਾਰਿਆਂ ਦਾ ਕਹਿਣਾ ਸੀ ਕਿ ਅਫਸਰਸ਼ਾਹੀ ਦੀ ਕਹਿਣੀ ਅਤੇ ਕਰਨੀ ’ਚ ਵੱਡਾ ਅੰਤਰ ਹੈ। ਬਿਨਾਂ ਸ਼ੱਕ ਇਹ ਬਹੁਤ ਹੀ ਪਾਏਦਾਰ ਸਕੀਮ ਹੈ। ਬਸ਼ਰਤੇ ਇਸ ਨੂੰ ਸਹੀ ਮਾਅਨਿਆਂ ’ਚ ਲਾਗੂ ਕੀਤਾ ਜਾਵੇ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਸੂਬਾਈ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ ਅਤੇ ਜਨਰਲ ਸਕੱਤਰ ਸੁਨੀਤਾ ਰਾਣੀ ਕੈਦੂਪੁਰ ਨੇ ਕਿਹਾ ਕਿ ਮਗਨਰੇਗਾ ਅਨੁਸਾਰ ਕੋਈ ਵੀ ਪਿੰਡ ’ਚ ਰਹਿਣ ਵਾਲਾ ਜਾਬ ਕਾਰਡ ਧਾਰਕ ਲਿਖਤੀ ਤੌਰ ’ਤੇ ਬੀਡੀਪੀਓ ਦਫ਼ਤਰ ਤੋਂ ਕੰਮ ਮੰਗ ਸਕਦਾ ਹੈ। ਇਸ ਨੂੰ ਚੌਦਾਂ ਦਿਨਾਂ ਤੋਂ ਘੱਟ ਕੰਮ ਨਹੀਂ ਦਿੱਤਾ ਜਾ ਸਕਦਾ ਤੇ ਕੰਮ ’ਤੇ ਲੱਗਣ ਤੋਂ ਪਹਿਲਾਂ ਨਿਯੁਕਤੀ ਪੱਤਰ ਵੀ ਦੇਣਾ ਜ਼ਰੂਰੀ ਹੈ। ਸਬੰਧਤ ਵਰਕਰ ਦੀ ਹਾਜ਼ਰੀ ਵੀ ਮਸਟਰੌਲ ’ਤੇ ਲੱਗਣੀ ਜ਼ਰੂਰੀ ਹੈ
ਉਨ੍ਹਾਂ ਮੰਗ ਕੀਤੀ ਕਿ ਕੰਮ ਨਾ ਦਿੱਤੇ ਜਾਣ ਦੀ ਸੂਰਤ ਵਿਚ ਬੇਰੁਜ਼ਗਾਰੀ ਭੱਤਾ ਹਰ ਹਾਲਤ ਵਿੱਚ ਦਿੱਤਾ ਜਾਵੇ। ਬੁਲਾਰਿਆਂ ਨੇ ਮੰਗ ਕੀਤੀ ਮਗਨਰੇਗਾ ਦੇ ਕੰਮ ਦੇ ਦਿਨ ਵਧਾ ਕੇ ਘੱਟੋ ਘੱਟ ਦੋ ਸੌ ਦਿਨ ਕੀਤੇ ਜਾਣ। ਪੰਜ ਏੇਕੜ ਵਾਲੇ ਕਿਸਾਨਾਂ ਨੂੰ ਆਪਣੇ ਖੇਤ ਵਿੱਚ ਕੰਮ ਕਰਨ ਦੇ ਹੱਕ ਨੂੰ ਲਾਗੂ ਕੀਤਾ ਜਾਵੇ ਅਤੇ ਸ਼ਹਿਰਾਂ ਵਿੱਚ ਵੀ ਮਨਰੇਗਾ ਵਰਗੀ ਸਕੀਮ ਲਾਗੂ ਕੀਤੀ ਜਾਵੇ ।
ਇਸ ਮੌਕੇ ਕਰਨੈਲ ਸਿੰਘ ਜਖੇਪਲ, ਗੁਰਮੀਤ ਸਿੰਘ ਥੂਹੀ, ਦਰਸ਼ਨ ਸਿੰਘ ਧਨੇਠਾ, ਫਲਜੀਤ ਸਿੰਘ ਆਦਿ ਆਗੂਆਂ ਨੇ ਵੀ ਵਿਚਾਰ ਪੇੇਸ਼ ਕੀਤੇ।
ਮਨਰੇਗਾ ਕਾਮਿਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ
ਸੰਗਰੂਰ (ਨਿਜੀ ਪੱਤਰ ਪ੍ਰੇਰਕ): ਪਿੰਡ ਉੱਪਲੀ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਮਗਨਰੇਗਾ ਕਾਮਿਆਂ ਦੀ ਰੈਲੀ ਕੀਤੀ ਕੀਤੀ ਗਈ ਅਤੇ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਸਕੱਤਰ ਬਿਮਲ ਕੌਰ, ਇਲਾਕਾ ਆਗੂ ਕਰਮਜੀਤ ਕੌਰ ਨੇ ਕਿਹਾ ਕਿ ਪਿਛਲੇ ਸਮੇਂ ‘ਚ ਹੋਏ ਤਿੱਖੇ ਸੰਘਰਸ਼ ਦੀ ਬਦੌਲਤ ਖੇਤ ਮਜ਼ਦੂਰਾਂ/ ਬੇਜ਼ਮੀਨਿਆਂ ਨੂੰ ਪੰਜ-ਪੰਜ ਮਰਲੇ ਪਲਾਟ ਦੇਣ, ਡੰਮੀ ਬੋਲੀਆਂ ਦੇ ਹੱਲ ਸਬੰਧੀ ਜਾਰੀ ਹੋਏ ਨੋਟੀਫਿਕੇਸ਼ਨ, ਬਿਜਲੀ ਦੇ ਪੱਟੇ ਮੀਟਰ (ਬਿਨਾਂ ਪੁਰਾਣਾ ਬਕਾਇਆ ਭਰਾਏ) ਜੋੜਨ ਦੇ ਨੋਟੀਫਿਕੇਸ਼ਨ ਜਾਰੀ ਹੋ ਚੁੱਕੇ ਹਨ ਜਿਨ੍ਹਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਨੂੰ ਇਨ੍ਹਾਂ ਦਾ ਲਾਭ ਮਿਲ ਸਕੇ। ਇਸ ਤੋਂ ਇਲਾਵਾ ਰਾਸ਼ਨ ਕਾਰਡ ’ਚੋਂ ਕੱਟੇ ਨਾਮ ਜੁੜਵਾਉਣ ਅਤੇ ਨਵੇਂ ਰਾਸ਼ਨ ਕਾਰਡ ਬਣਵਾਉਣ, ਖੇਤ ਮਜ਼ਦੂਰਾਂ/ ਬੇਜ਼ਮੀਨਿਆਂ ਦੇ ਹਰੇਕ ਤਰ੍ਹਾਂ ਦੇ ਕਰਜ਼ੇ ਮੁਆਫ਼ ਕਰਵਾਉਣ ਅਤੇ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਬਿਨਾਂ ਸ਼ਰਤ ਕਰਜ਼ਾ ਦਿਵਾਉਣ ਸਬੰਧੀ ਮੰਗਾਂ ਦਾ ਜ਼ਿਕਰ ਕੀਤਾ ਤੇ ਪੰਜਾਬ ਸਰਕਾਰ ਅਤੇ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਹੋਈ ਪੈਨਲ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਗਈ। ਅਖੀਰ ’ਚ ਆਗੂਆਂ ਨੇ ਭਾਰਤੀ ਹਾਕਮਾਂ ਖ਼ਿਲਾਫ਼ ਇਕਜੁੱਟ ਹੋਣ ਅਤੇ ਬਰਾਬਰਤਾ ਦਾ ਸਮਾਜ ਸਿਰਜਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।