ਹਰਦੀਪ ਸਿੰਘ ਸੋਢੀ
ਧੂਰੀ, 31 ਜਨਵਰੀ
ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇਪਿੰਡ ਲੱਡਾ ਦੇ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਨਜੀਤ ਸਿੰਘ ਜਹਾਂਗੀਰ ਦੀ ਅਗਵਾਈ ਵਿੱਚ ਲੱਗਾ ਕਿਸਾਨੀ ਧਰਨਾ ਅੱਜ 123 ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਇਸ ਧਰਨੇ ਨੂੰ ਪੰਜਾਬ ਦੇ ਨਾਮਵਰ ਪੰਜਾਬੀ ਗਾਇਕ ਪੰਮੀ ਬਾਈ ਨੇ ਸੰਬੋਧਨ ਕਰਦਿਆਂ ਕਿਹਾ ਕੇਂਦਰ ਸਰਕਾਰ ਪੂਰੇ ਦੇਸ਼ ਦਾ ਮਾਹੌਲ ਖ਼ਰਾਬ ਕਰਨ ’ਤੇ ਆ ਗਈ ਹੈ ਜਦੋਂਕਿ ਉਸ ਦਾ ਫ਼ਰਜ਼ ਬਣਦਾ ਸੀ ਕਿ ਉਹ ਦਰਿਆ ਦਿਲੀ ਦਿਖਾਉਂਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਦੀ ਤੇ ਕਿਸਾਨਾਂ ਦੇ ਦਿਲ ਜਿੱਤਦੀ ਪਰ ਉਸ ਨੇ ਇਹ ਸਭ ਕੁਝ ਕਰਨ ਦੀ ਥਾਂ ਕਿਸਾਨਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਦੇਸ਼ ਦੇ ਚੰਦ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਕਿਸਾਨਾਂ ਦੇ ਹੱਕਾਂ ਦੀ ਬਲੀ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਪਰ ਉਹ ਕਿਸਾਨਾਂ ਦੇ ਨਾਲ ਹਨ, ਤੇ ਕਿਸਾਨਾਂ ਲਈ ਕੋਈ ਵੀ ਕੁਰਬਾਨੀ ਦੇਣ ਲਈ ਹਮੇਸ਼ਾ ਤਿਆਰ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਕਦੀ ਖਾਲਿਸਤਾਨੀ, ਕਦੇ ਮਾਓਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਸ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਲੰਮੇ ਸਮੇਂ ਤੋਂ ਕਿਸਾਨ ਸ਼ਾਂਤ ਮਈ ਤਰੀਕੇ ਨਾਲ ਧਰਨੇ ਦੇ ਰਹੇ ਹਨ ਤੇ ਲੋਕ ਉਨ੍ਹਾਂ ਨੂੰ ਦੇਸ਼ ਦੇ ਅੰਨ ਦਾਤੇ ਕਹਿ ਕੇ ਸਨਮਾਨ ਕਰਦੇ ਹਨ।
ਲਹਿਰਾਗਾਗਾ (ਪੱਤਰ ਪ੍ਰੇਰਕ) ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਸੂਬਾ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਨਾਲ ਲੱਗਦੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਧਰਨਾ 124ਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ਨੂੰ ਅੱਜ ਕਿਸਾਨ ਆਗੂ ਜਗਸੀਰ ਸਿੰਘ ਖੰਡੇਬਾਦ ਰਾਮਚੰਦ, ਸਿੰਘ, ਚੋਟੀਆਂ ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ, ਬਿੰਦਰ ਸਿੰਘ ਖੋਖਰ, ਹਰਸੇਵਕ ਸਿੰਘ ਲਹਿਲ ਖੁਰਦ, ਜਗਦੀਪ ਸਿੰਘ ਲਹਿਲ ਖੁਰਦ, ਜਸਵੀਰ ਕੌਰ ਲਹਿਲ ਖੁਰਦ, ਕਰਮਜੀਤ ਕੌਰ ਭੁਟਾਲ, ਜਸ਼ਨਦੀਪ ਕੌਰ ਪਿਸ਼ੌਰ, ਰੁਪਿੰਦਰ ਕੌਰ ਭੁਟਾਲ ਕਲਾ, ਬਲਜੀਤ ਕੌਰ ਭੁਟਾਲ ਕਲਾ, ਜਸਵਿੰਦਰ ਕੌਰ ਗਾਗਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਿਸਾਨੀ ਘੋਲ ਨੂੰ ਅਪਣੇ ਪੈਂਤੜਿਆਂ ਰਾਹੀਂ ਤਾਰਪੀਡੋ ਕਰਨ ਲਈ ਹੱਢ ਤੋੜ ਕੋਸ਼ਿਸ਼ਾਂ ਕੀਤੀਆਂ ਹਨ ਜਿਸ ਖ਼ਿਲਾਫ਼ ਮੋਦੀ ਸਰਕਾਰ ਖ਼ਿਲਾਫ਼ ਗੁੱਸੇ ਦੀ ਲਹਿਰ ਫੈਲ ਰਹੀ ਹੈ ਤੇ 1 ਫਰਵਰੀ ਨੂੰ ਬਲਾਕ ਲਹਿਰਾਗਾਗਾ ਤੋਂ ਹਜ਼ਾਰਾਂ ਟਰੈਕਟਰ ਕਾਫਲੇ ਦੇ ਰੂਪ ’ਚ ਦਿੱਲੀ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ 26 ਜਨਵਰੀ ਗਣਤੰਤਰ ਦਿਵਸ ਮੌਕੇ ਸਰਕਾਰ ਨੇ ਆਪਣੇ ਕੁਝ ਅਨਸਰਾਂ ਤੋਂ ਲਾਲ ਕਿਲੇ ’ਤੇ ਝੰਡਾ ਫਹਿਰਾਇਆ ਤੇ ਸਰਕਾਰ ਨੇ ਕੋਝੀ ਚਾਲ ਚਲਦਿਆਂ ਬੇਕਸੂਰ ਕਿਸਾਨ ਆਗੂਆਂ ’ਤੇ ਪਰਚੇ ਦਰਜ ਕੀਤੇ। ਦਿੱਲੀ ਬਾਰਡਰਾਂ ਤੋਂ ਕਿਸਾਨ ਧਰਨੇ ਹਟਾਉਣ ਲਈ ਕੀਤੀ ਜਾ ਹੁੱਲੜਬਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਨਾਟਕ ਟੀਮ ਅਤੇ ਕਲਾਕਾਰਾਂ ਨੇ ਮੋਰਚੇ ਸੰਭਾਲੇ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਟੌਲ ਪਲਾਜ਼ਾ ਮਾਝੀ, ਟੌਲ ਪਲਾਜ਼ਾ ਕਾਲਾਝਾੜ ਅਤੇ ਪੈਟਰੌਲ ਪੰਪ ਬਾਲਦ ਕਲਾਂ ਵਿਖੇ ਧਰਨੇ ਜਾਰੀ ਰੱਖੇ ਗਏ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਮਾਝੀ ਵਿੱਚ ਧਰਨੇ ਦੌਰਾਨ ਸਨੀ ਐਕਟਿੰਗ ਇੰਸਟੀਚਿਊਟ ਸੰਗਰੂਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਖਿਲਾਫ ਨਾਟਕ ਖੇਡਿਆ ਗਿਆ। ਨਾਟਕ ਟੀਮ ਦੇ ਕਲਾਕਾਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਇਸੇ ਤਰ੍ਹਾਂ ਟੌਲ ਪਲਾਜ਼ਾ ਕਾਲਾਝਾੜ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਅਜੈਬ ਸਿੰਘ ਲੱਖੇਵਾਲ, ਹਰਜਿੰਦਰ ਸਿੰਘ ਘਰਾਚੋਂ, ਨਵਜੋਤ ਕੌਰ ਚੰਨੋਂ ਦੀ ਅਗਵਾਈ ਹੇਠ ਲਗਾਏ ਧਰਨੇ ਵਿੱਚ ਉੱਘੇ ਪੰਜਾਬੀ ਗਾਇਕ ਪੰਮੀ ਬਾਈ, ਜਸਵਿੰਦਰ ਸੁਨਾਮੀ ਤੇ ਸਤਨਾਮ ਪੰਜਾਬੀ ਨੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਖ਼ਿਲਾਫ਼ ਕਿਹਾ ਕਿ ਹਕੂਮਤੀ ਜਬਰ ਕਿਸਾਨਾਂ ਦੀ ਲਾਮਬੰਦੀ ਨੂੰ ਰੋਕ ਨਹੀਂ ਸਕਦਾ।