ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਦੇ ਮਾਮਲੇ ਦੀਆਂ ਪੀੜਤ ਵਿਦਿਆਰਥਣਾਂ ਦੇ ਹੱਕ ਵਿੱਚ ਅਤੇ ਕਥਿਤ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਲਈ ਸਰਕਾਰੀ ਰਣਬੀਰ ਕਾਲਜ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਵਿਦਿਆਰਥੀਆਂ ਨੇ ਇਸ ਅਤਿ ਗੰਭੀਰ ਮਾਮਲੇ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਤੋਂ ਕਰਾਉਣ ਦੀ ਮੰਗ ਕੀਤੀ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਜੱਸੂ ਤੇ ਸੁਖਵਿੰਦਰ ਕੌਰ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿੱਚ ਵਿਦਿਆਰਥਣਾਂ ਦੀਆਂ ਕਥਿਤ ਅਸ਼ਲੀਲ ਵੀਡੀਓ ਬਣਾਉਣ ਦੇ ਕਥਿਤ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ। ਉਨ੍ਹਾਂ ਮੰਗ ਕੀਤੀ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਸਰਕਾਰੀਕਰਨ ਕੀਤਾ ਜਾਵੇ, ਯੂਨੀਵਰਸਿਟੀ ਮੈਨੇਜਮੈਂਟ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਕਥਿਤ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਦਿਆਂ ਸਖਤ ਸ਼ਜਾਵਾਂ ਦਿੱਤੀਆਂ ਜਾਣ।
ਇਸੇ ਤਰ੍ਹਾਂ ਸਰਕਾਰੀ ਰਣਬੀਰ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹਮਾਇਤ ਵਿੱਚ ਰੈਲੀ ਕੀਤੀ ਗਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਅਤੇ ਕਾਲਜ ਕਮੇਟੀ ਪ੍ਰਧਾਨ ਸੁਖਚੈਨ ਸਿੰਘ ਪੁੰਨਾਂਵਾਲ ਨੇ ਸੰਬੋਧਨ ਕੀਤਾ। ਇਸ ਮੌਕੇ ਅਵੀ ਸਹੋਤਾ, ਅੰਮ੍ਰਿਤ ਸਿੰਘ, ਬਲਜਿੰਦਰ ਕੌਰ, ਹਰਪ੍ਰੀਤ ਸਿੰਘ ਤੇ ਬੰਟੀ ਕਹੇਰੂ ਆਦਿ ਹਾਜ਼ਰ ਸਨ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਵਾਪਰੇ ਘਟਨਾਕ੍ਰਮ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਨੇ ਜਿੱਥੇ ਯੂਨੀਵਰਸਿਟੀ ਪ੍ਰਸ਼ਾਸਨ, ਵਿਮੈੱਨ ਕਮਿਸ਼ਨ, ਮੁਹਾਲੀ ਪੁਲੀਸ ਅਤੇ ਪੰਜਾਬ ਸਰਕਾਰ ਵੱਲੋਂ ਅਪਣਾਏ ਤਰੀਕੇ ਦੀ ਨਿਖੇਧੀ ਕੀਤੀ, ਉੱਥੇ ਹੀ ਪੰਜਾਬੀ ਯੂਨੀਵਰਸਿਟੀ ਕੈਂਪਸ ਸਮੇਤ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੇ ਰਿਪੁਦਮਨ ਕਾਲਜ ਨਾਭਾ ਵਿੱਚ ਵੀ ਰੋਸ ਪ੍ਰਦਰਸ਼ਨ ਕੀਤੇ। ਇਸ ਮੌਕੇ ਪੀਐੱਸਯੂ ਦੇ ਸੂਬਾ ਆਗੂਆਂ ਨੇ ਸੰਬੋਧਨ ਕੀਤਾ।
ਧੂਰੀ (ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ): ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਵਾਪਰੀ ਮੰਦਭਾਗੀ ਘਟਨਾ ਦੇ ਰੋਸ ਵਜੋਂ ਅੱਜ ਯੂਨੀਵਰਸਿਟੀ ਕਾਲਜ ਬੇਨੜਾ ਦੇ ਵਿਦਿਆਰਥੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਹਥਨ ਨੇ ਪਿਛਲੇ ਦਿਨਾਂ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਦੀ ਇੱਕ ਸਾਥਣ ਵੱਲੋਂ ਲੀਕ ਕਰਨ ਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਦੋਸ਼ ਲਾਇਆ ਕਿ ਯੂਨੀਵਰਸਿਟੀ ਮੈਨੇਜਮੈਂਟ ਇਸ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੁਲੀਸ ਵੱਲੋਂ ਯੂਨੀਵਰਸਿਟੀ ਦਾ ਪੱਖ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਹਰਮਨ ਸਿੰਘ, ਜਸਬੀਰ ਸਿੰਘ, ਰੋਹਿਤ ਸਿੰਘ ਲੱਡਾ, ਚੇਤਨ ਲੱਡਾ, ਸੁਖਪ੍ਰੀਤ ਸਿੰਘ, ਜਸਕਰਨ ਸਿੰਘ, ਮਹਿੰਦਰ ਸਿੰਘ, ਮਨਪ੍ਰੀਤ ਕੌਰ, ਇੰਦਰਜੀਤ ਸਿੰਘ, ਜਗਦੀਪ ਸਿੰਘ, ਸਨਵੀਰ ਸਿੰਘ, ਦਿਲਜੀਤ ਸਿੰਘ ਤੇ ਗੁਰਮੁਖ ਸਿੰਘ ਵੀ ਹਾਜ਼ਰ ਸਨ।
ਸਮਾਣਾ (ਅਸ਼ਵਨੀ ਗਰਗ/ਸੁਭਾਸ਼ ਚੰਦਰ): ਪਬਲਿਕ ਕਾਲਜ ਸਮਾਣਾ ਦੇ ਵਿਦਿਆਰਥੀਆਂ ਵੱਲੋਂ ਪੀਐੱਸਯੂ ਦੀ ਅਗਵਾਈ ਹੇਠ ਚੰਡੀਗੜ੍ਹ ਯੂਨੀਵਰਸਿਟੀ ਦੀ ਮੰਦਭਾਗੀ ਘਟਨਾ ਖਿਲਾਫ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਪੀਐੱਸਯੂ ਦੇ ਜ਼ਿਲ੍ਹਾ ਆਗੂ ਅਕਸ਼ੈ ਘੱਗਾ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਦਬਾਉਣ ਅਤੇ ਵਿਦਿਆਰਥੀਆਂ ਦੀ ਆਵਾਜ਼ ਕੁਚਲਣ ਲਈ ਹੋਸਟਲਾਂ ਨੂੰ ਤਾਲੇ ਲਾਏ ਗਏ। ਵਿਦਿਆਰਥੀ ਆਗੂ ਰਾਜਵੀਰ ਕਕਰਾਲਾ ਨੇ ਕਿਹਾ ਕਿ ਇਹ ਮਸਲਾ ਕਿੰਨਾ ਗੰਭੀਰ ਹੈ ਕਿ ਪੀੜਿਤ ਵਿਦਿਆਰਥਣਾਂ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਤਹਿ ਤੱਕ ਜਾਵੇ ਅਤੇ ਪੀੜਤਾਂ ਨੂੰ ਇਨਸਾਫ ਦਿਵਾਏ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਾਪਰੇ ਘਟਨਾਕ੍ਰਮ ਅਤੇ ਘਟਨਾ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਵਿਰੁੱਧ ਸਰਕਾਰੀ ਕਿਰਤੀ ਕਾਲਜ ਨਿਆਲ ਸਾਹਮਣੇ ਰੈਲੀ ਕੀਤੀ ਗਈ। ਇਸ ਮੌਕੇ ਹਾਜ਼ਰ ਵੱਡੀ ਗਿਣਤੀ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਇਸ ਘਟਨਾ ਦੀ ਡੂੰਘਾਈ ਨਾਲ ਪੜਤਾਲ ਕਰ ਕੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਵਿਦਿਆਰਥੀ ਆਗੂ ਦਵਿੰਦਰ ਸਿੰਘ ਛਬੀਲਪੁਰ ਅਤੇ ਗੁਰਮੀਤ ਸਿੰਘ ਨਾਈਵਾਲਾ ਸਮੇਤ ਹੋਰਾਂ ਨੇ ਸੰਬੋਧਨ ਕੀਤਾ।
ਵਿਦਿਆਰਥੀਆਂ ਵੱਲੋਂ ਘਟਨਾ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਘੜੂੰਆਂ ਸਥਿਤ ਇੱਕ ਨਿੱਜੀ ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਵਾਇਰਲ ਕੀਤੀ ਵੀਡੀਓ ਤੇ ਉਸ ਬਾਅਦ ਵਾਪਰੇ ਘਟਨਾਕ੍ਰਮ ਖ਼ਿਲਾਫ਼ ਰੋਸ ਰੈਲੀ ਕੀਤੀ। ਵਿਦਿਆਰਥੀ ਆਗੂ ਕਮਲਦੀਪ ਕੌਰ ਨੇ ਵੀਡੀਓ ਕਾਂਡ ਦੀ ਨਿਖੇਧੀ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਪ੍ਰਬੰਧਕ ਹੋਸਟਲ ’ਚ ਰਹਿੰਦੀਆਂ ਲੜਕੀਆਂ ਲਈ ਢੁੱਕਵਾਂ ਤੇ ਸੁਰੱਖਿਅਤ ਮਾਹੌਲ ਨਹੀਂ ਦੇ ਸਕੇ। ਇਹੀ ਕਾਰਨ ਹੈ ਕਿ ਬੇਖੌਫ਼ ਹੋ ਕੇ ਇੱਕ ਵਿਦਿਆਰਥਣ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਵਿਦਿਆਰਥੀ ਆਗੂ ਨੇ ਕਿਹਾ ਕਿ ਇਸ ਘਟਨਾ ਦਾ ਪਤਾ ਲੱਗਣ ’ਤੇ ਰੋਸ ਪ੍ਰਗਟ ਕਰ ਰਹੇ ਵਿਦਿਆਰਥੀਆਂ ’ਤੇ ਲਾਠੀਚਾਰਜ ਕਰਨਾ ਨਿੰਦਣਯੋਗ ਹੀ ਨਹੀਂ ਸਗੋਂ ਗ਼ੈਰਜਮਹੂਰੀ ਹੈ। ਕਿਰਨਪਾਲ ਕੌਰ ਹਥੋਆ ਨੇ ਕਿਹਾ ਯੂਨੀਵਰਸਿਟੀ ਪ੍ਰਬੰਧਕ ਦੋ ਦਿਨ ਯੂਨੀਵਰਸਿਟੀ ਬੰਦ ਕਰ ਕੇ ਵਿਦਿਆਰਥੀਆਂ ਦੀ ਆਵਾਜ਼ ਦਬਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ’ਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਸੁਖਾਵਾਂ ਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇ। ਯੂਨੀਅਨ ਦੇ ਸੂਬਾ ਆਗੂ ਸੁਖਦੀਪ ਸਿੰਘ ਹਥਨ ਨੇ ਕਿਹਾ ਕਿ ਪੰਜਾਬ ਸਰਕਾਰ ਵੀਡੀਓ ਵਾਇਰਲ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਤੋਂ ਕਰਵਾਏ, ਜਾਂਚ ’ਚ ਵਿਦਿਆਰਥੀ ਨੁਮਾਇੰਦੇ ਵੀ ਸ਼ਾਮਲ ਕੀਤੇ ਜਾਣ, ਯੂਨੀਵਰਸਿਟੀ ਪ੍ਰਬੰਧਕ ਹਸਪਤਾਲ ’ਚ ਦਾਖ਼ਲ ਵਿਦਿਆਰਥਣਾਂ ਦਾ ਇਲਾਜ ਕਰਵਾਉਣ, ਹੋਸਟਲ ਵਾਰਡਨ ਨੂੰ ਬਦਲਿਆ ਜਾਵੇ ਅਤੇ ਇਸ ਮਾਮਲੇ ’ਚ ਜਿਸ ਵੀ ਯੂਨੀਵਰਸਿਟੀ ਅਧਿਕਾਰੀ ਦੀ ਅਣਗਹਿਲੀ ਸਾਹਮਣੇ ਆਉਂਦੀ ਹੈ, ਉਸ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ।