ਰਮੇਸ਼ ਭਾਰਦਵਾਜ
ਲਹਿਰਾਗਾਗਾ,14 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਡੀਏਪੀ ਖਾਦ ਘਾਟ ਨੂੰ ਪੂਰਾ ਕਰਵਾਉਣ ਲਈ ਐੱਸਡੀਐੱਮ ਦਫਤਰ ਅੱਗੇ ਧਰਨਾ ਲਗਾਤਾਰ ਤੀਸਰੇ ਦਿਨ ਵੀ ਜਾਰੀ ਹੈ। ਉਧਰ ਰਿਲਾਇੰਸ ਪੰਪ ਅੱਗੇ ਕਿਸਾਨ ਡਟੇ ਹੋਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਨੂੰ ਤਿੰਨ ਦਿਨ ਹੋ ਚੁੱਕੇ ਹਨ ਇਥੇ ਬੈਠਿਆਂ ਨੂੰ, ਰਾਤ ਨੂੰ ਠੰਢ ਅਤੇ ਮੱਛਰਾਂ ਕਾਰਨ ਕਈ ਕਿਸਾਨਾਂ ਨੂੰ ਬੁਖਾਰ ਹੋ ਚੁੱਕਿਆ ਹੈ। ਉਹ ਆਪਣੀਆਂ ਮੰਗਾਂ ਲਈ ਸਰਕਾਰ ਦਾ ਸਿਆਪਾ ਕਰ ਰਹੇ ਹਨ ਕਿਉਂਕਿ ਖਾਦ ਤੋਂ ਬਗ਼ੈਰ ਕਣਕ ਦੀ ਬਿਜਾਈ ਦਿਨ ਪ੍ਰਤੀ ਦਿਨ ਲੇਟ ਹੋ ਰਹੀ ਹੈ।ਸਰਕਾਰ ਜਾਣ ਬੁੱਝ ਕੇ ਉਨ੍ਹਾਂ ਨੂੰ ਤੰਗ ਕਰ ਰਹੀ ਹੈ। ਜਥੇਬੰਦੀ ਵੱਲੋਂ ਅੱਜ ਜੀਪੀਐਫ ਕੰਪਲੈਕਸ ’ਚ ਪਹੁੰਚੀ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਮੇਂ ਮਾਸਟਰ ਗੁਰਚਰਨ ਸਿੰਘ ਖੋਖਰ, ਬਹਾਦਰ ਸਿੰਘ ਭੁਟਾਲ ਖ਼ੁਰਦ, ਰਾਮ ਸਿੰਘ ਨੰਗਲਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਸੂਬਾ ਸਿੰਘ ਸੰਗਤਪੁਰਾ, ਕੁਲਦੀਪ ਸਿੰਘ ਰਾਮਗੜ੍ਹ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਨਛਿੱਤਰ ਸਿੰਘ ਲਦਾਲ, ਕਰਮਜੀਤ ਕੌਰ ਭੁਟਾਲ ਕਲਾਂ, ਬਲਜੀਤ ਕੌਰ ਲਹਿਲ ਕਲਾਂ, ਗੁਰਮੀਤ ਕੌਰ ਡਸਕਾ, ਜਸਵੀਰ ਕੌਰ ਲਹਿਲ ਕਲਾਂ ਨੇ ਸੰਬੋਧਨ ਕੀਤਾ।