ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 8 ਜੁਲਾਈ
ਕੇਂਦਰ ਦੀ ਮੋਦੀ ਸਰਕਾਰ ਤੇ ਸਾਮਰਾਜੀ ਕਾਰਪੋਰੇਟਾਂ ਖ਼ਿਲਾਫ਼ ਅਤੇ ਡੀਜ਼ਲ, ਪੈਟਰੋਲ, ਰਸੋਈ ਗੈਸ ਦੀਆਂ ਕੀਮਤਾਂ ਘੱਟ ਕਰਨ ਦੀ ਮੰਗ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਾਲੇਰਕੋਟਲਾ ਦੀ ਇਕਾਈ ਨੇ ਨਿਰਮਲ ਸਿੰਘ ਅਲੀਪੁਰ ਦੀ ਅਗਵਾਈ ਹੇਠ ਸੰਗਰੂਰ- ਲੁਧਿਆਣਾ ਮੁੱਖ ਮਾਰਗ ਦੇ ਇੱਕ ਪਾਸੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬਲਾਕ ਖ਼ਜ਼ਾਨਚੀ ਕੁਲਵਿੰਦਰ ਸਿੰਘ ਭੂਦਨ, ਚਰਨਜੀਤ ਸਿੰਘ ਹਥਨ, ਸੰਦੀਪ ਸਿੰਘ ਓਪੋਕੀ, ਤੇਜਵੰਤ ਸਿੰਘ ਕੁਠਾਲਾ, ਮਾਨ ਸਿੰਘ ਸੱਦੋਪੁਰ, ਬਾਬਾ ਚਰਨ ਸਿੰਘ, ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ, ਹਰਵਿੰਦਰ ਸਿੰਘ ਤੱਖਰ, ਗੁਰਪ੍ਰੀਤ ਸਿੰਘ ਹਥਨ, ਦਰਸ਼ਨ ਸਿੰਘ ਹਥੋਆ ਆਦਿ ਨੇ ਸੰਬੋਧਨ ਕੀਤਾ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਅੱਜ ਇੱਥੇ ਲਹਿਰਾਗਾਗਾ-ਜਾਖਲ-ਪਾਤੜਾਂ ਮੁੱਖ ਸੜਕ ਦੇ ਟੀ ਪੁਆਇੰਟ ’ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਵਧ ਰਹੀ ਮਹਿੰਗਾਈ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਦਿੱਤੇ ਸੱਦੇ ’ਤੇ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਦੇ ਖ਼ਿਲਾਫ਼ ਸੜਕਾਂ ਦੇ ਕਿਨਾਰੇ ਟਰੈਕਟਰ, ਮੋਟਰਸਾਈਕਲ ਤੇ ਹੋਰ ਸਾਧਨ ਖੜ੍ਹੇ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਹਰਵਿੰਦਰ ਲਦਾਲ, ਬਲਵਿੰਦਰ ਸਿੰਘ ਘੌੜੇਨਬ, ਜਮਹੂਰੀ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਭੀਮ ਸਿੰਘ ਆਲਮਪੁਰ, ਸੂਬਾ ਆਗੂ ਲਛਮਣ ਸਿੰਘ ਅਲੀਸ਼ੇਰ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸਰਪੰਚ ਕਾਰਮੇਡ ਸਤਵੰਤ ਸਿੰਘ ਖੰਡੇਬਾਦ ਨੇ ਸੰਬੋਧਨ ਕੀਤਾ।
ਸੰਦੌੜ (ਮੁਕੰਦ ਸਿੰਘ ਚੀਮਾ): ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਵੱਲੋਂ ਨੇੜਲੇ ਪਿੰਡ ਸੇਰਗੜ੍ਹ ਚੀਮਾ ਵਿੱਚ ਦੋ ਘੰਟੇ ਲਈ ਸੜਕ ਉਪਰ ਪ੍ਰਦਰਸ਼ਨ ਕੀਤਾ ਗਿਆ। ਬਲਾਕ ਪ੍ਰਧਾਨ ਸੇਰ ਸਿੰਘ ਮਹੋਲੀ ਅਤੇ ਮੀਤ ਪ੍ਰਧਾਨ ਡਾ. ਅਮਰਜੀਤ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਸੜਕ ਕਿਨਾਰੇ ਆਪਣੇ ਮੋਟਰਸਾਈਕਲ, ਕਾਰਾਂ ਅਤੇ ਟਰੈਕਟਰ ਖੜ੍ਹਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਦਕਿ ਕਸਬਾ ਸੰਦੌੜ ਵਿੱਚ ਵੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਮਸਤੂਆਣਾ ਸਾਹਿਬ (ਐੱਸ ਐੱਸ ਸੱਤੀ): ਇਥੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੰਗਰੂਰ-ਬਰਨਾਲਾ ਸੜਕ ’ਤੇ ਪੈਂਦੇ ਪਿੰਡਾਂ ਬਡਰੁੱਖਾਂ, ਕੁੰਨਰਾਂ ਅਤੇ ਮਸਤੂਆਣਾ ਸਾਹਿਬ ਵਿੱਚ ਕਿਸਾਨਾਂ ਨੇ ਆਪਣੇ ਟਰੈਕਟਰ, ਕਾਰਾਂ, ਮੋਟਰਸਾਈਕਲ ਬਗੈਰਾ ਸੜਕ ਉਪਰ ਖੜ੍ਹੇ ਕਰਕੇ ਦੋ ਘੰਟਿਆਂ ਲਈ ਰੋਸ ਪ੍ਰਦਰਸ਼ਨ ਕੀਤਾ।
ਧੂਰੀ (ਪਵਨ ਕੁਮਾਰ ਵਰਮਾ/ਹਰਦੀਪ ਸਿੰਘ ਸੋਢੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਸਾਰੀਆਂ ਕਿਸਾਨ ਜੱਥੇਬੰਦੀਆਂ ਅਤੇ ਸਹਿਯੋਗੀ ਜੱਥੇਬੰਦੀਆਂ ਨੇ ਡੀਜਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਹਰ ਰੋਜ਼ ਛੜੱਪੇ ਮਾਰਕੇ ਵੱਧਦੀਆਂ ਕੀਮਤਾਂ ਦੇ ਖਿਲਾਫ਼ ਧੂਰੀ-ਸੰਗਰੂਰ ਬਾਈਪਾਸ ਰੋਡ ’ਤੇ ਵੱਡੀ ਗਿਣਤੀ ਵਿੱਚ ਟਰੈਕਟਰ, ਕਾਰਾਂ, ਜੀਪਾ, ਸਕੂਟਰ, ਮੋਟਰਸਾਈਕਲ ਅਤੇ ਖਾਲੀ ਗੈਸ ਸਿਲੰਡਰ ਲਿਆ ਕੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਦੀਆਂ ਲੋਟੂ ਅਤੇ ਲੋਕ ਮਾਰੂ ਨੀਤੀਆਂ ਦੀ ਨਿੰਦਾਂ ਕੀਤੀ। ਇਸੇ ਤਰ੍ਹਾਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੱਡਾ ਟੌਲ ਪਲਾਜ਼ਾ ਕੋਲ ਦਰਸ਼ਨ ਸਿੰਘ ਲੱਡਾ ਦੀ ਅਗਵਾਈ ਵਿੱਚ 280ਵੇਂ ਦਿਨ ਵੀ ਜਾਰੀ ਰਿਹਾ।
ਰਾਜਪੁਰਾ (ਬਹਾਦਰ ਸਿੰਘ): ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਰੋਸ ਪ੍ਰਦਰਸ਼ਨ ਦੇ ਸੱਦੇ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਚਰਨਜੀਤ ਸਿੰਘ ਝੁੰਗੀਆ, ਧਰਮਪਾਲ ਸਿੰਘ ਸੀਲ, ਗੁਰਦੀਪ ਸਿੰਘ ਰੂੜਕੀ, ਪਵਨ ਕੁਮਾਰ ਸੋਗਲਪੁਰ, ਮਨਿੰਦਰਜੀਤ ਸਿੰਘ ਵਿੱਕੀ ਦੀ ਅਗਵਾਈ ਵਿੱਚ ਕਸਬਾ ਘਨੌਰ ਵਿੱਚ, ਮਾਨ ਸਿੰਘ ਰਾਜਪੁਰਾ, ਹਰਜੀਤ ਸਿੰਘ ਟਹਿਲਪੁਰਾ, ਬੀਬੀ ਰਜਵੰਤ ਕੌਰ ਦੀ ਅਗਵਾਈ ਵਿੱਚ ਰਾਜਪੁਰਾ ਦੇ ਗਗਨ ਚੌਕ ਤੇ ਰਾਜਪੁਰਾ-ਚੰਡੀਗੜ੍ਹ ਰੋਡ ’ਤੇ ਜਨਸੂਆ ਦੇ ਅੱਡੇ ਨੇੜੇ ਪ੍ਰਦਰਸ਼ਨ ਕੀਤਾ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਹਜ਼ਾਰਾਂ ਕਿਸਾਨਾਂ ਵੱਲੋਂ ਸਥਾਨਕ ਬਠਿੰਡਾ ਰੋਡ ਤੇ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਅਤੇ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਤੇ ਕਿਸਾਨਾਂ ਵੱਲੋਂ ਦੋ ਘੰਟਿਆਂ ਲਈ ਟਰੈਕਟਰ, ਕਾਰਾਂ, ਮੋਟਰਸਾਈਕਲ ਖੜੇ ਕਰਕੇ ਪੈਟਰੋਲੀਅਮ ਪਦਾਰਥਾਂ, ਗੈਸ ਸਲੰਡਰਾਂ ਦੀਆਂ ਕੀਮਤਾਂ ਵਿੱਚ ਨਿੱਤ ਹੋ ਰਹੇ ਵਾਧੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੋਰਚੇ ਦੇ ਆਗੂਆਂ ਰਮਿੰਦਰ ਪਟਿਆਲਾ, ਕੁਲਵੰਤ ਸਿੰਘ ਮੌਲਵੀਵਾਲਾ ਤੇ ਸੁਖਦੇਵ ਸਿੰਘ ਨੇ ਸੰਬੋਧਨ ਕੀਤਾ।
ਟਰੈਕਟਰ ਸੜਕ ਕਿਨਾਰੇ ਖੜ੍ਹੇ ਕਰ ਕੇ ਹਾਰਨ ਵਜਾਏ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕਿਸਾਨਾਂ ਨੇ ਤੇਲ ਅਤੇ ਰਸੋਈ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਕਸਬਾ ਦੇਵੀਗੜ੍ਹ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਦੀ ਅਗਵਾਈ ਵਿੱਚ ਸਵੇਰੇ 10 ਵਜੇ ਤੋਂ 12 ਵਜੇ ਤੱਕ ਦੋ ਘੰਟੇ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਸੜਕਾਂ ਦੇ ਕਿਨਾਰੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਸੇ ਵੀ ਵਹੀਕਲ ਵਾਲੇ ਨੂੰ ਪ੍ਰੇਸ਼ਾਨ ਨਹੀਂ ਕੀਤਾ, ਇਹ ਰੋਸ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਆਪਣੇ ਆਪਣੇ ਟਰੈਕਟਰ, ਸਕੂਟਰ, ਮੋਟਰਸਾਈਕਲ, ਕਾਰਾਂ, ਬੱਸਾਂ ਅਤੇ ਵੱਖ ਵੱਖ ਵਾਹਨ ਅਤੇ ਰਸੋਈ ਗੈਸ ਦੇ ਸਿਲੰਡਰ ਸੜਕਾਂ ਕਿਨਾਰੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ।
ਕਿਸਾਨਾਂ ਨੇ ਬਜ਼ਾਰ ’ਚ ਟਰੈਕਟਰ ਮਾਰਚ ਕੀਤਾ
ਅਮਰਗੜ੍ਹ (ਰਾਜਿੰਦਰ ਜੈਦਕਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ ਬਜ਼ਾਰ ਵਿੱਚ ਮਹਿਗੇ ਭਾਅ ਦਾ ਡੀਜ਼ਲ ਫੂਕ ਕੇ ਟਰੈਕਟਰ ਮਾਰਚ ਕਰਦਿਆਂ ਚੌਂਦਾ ਮੌੜ ਦੇ ਕਿਨਾਰੇ ਟਰੈਕਟਰ ਖੜੇ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਹਰਦੀਪ ਸਿੰਘ, ਪਰਮਜੀਤ ਸਿੰਘ ਆੜਤੀ, ਸੁਖਜਿੰਦਰ ਸਿੰਘ ਝੱਲ, ਅਮ੍ਰਿਤ ਸਿੰਘ ਅਲੀਪੁਰ ਆਦਿ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਿਨੀ ਦੇਰ ਖੇਤੀ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ ਉਨੀ ਦੇਰ ਇਹ ਧਰਨੇ ਤੇ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਮੌਕੇ ਰਾਜਿੰਦਰ ਸਿੰਘ ਹੈਪੀ, ਅਮ੍ਰਿਤ ਸਿੰਘ ਅਲੀਪੁਰ, ਰਣਧੀਰ ਸਿੰਘ, ਪਵਿੱਤਰ ਸਿੰਘ ਰਾਏਪੁਰ, ਗੁਰਪ੍ਰੀਤ ਸਿੰਘ ਰਾਏਪੁਰ, ਅਵਤਾਰ ਸਿੰਘ ਤਾਰੀ ਅਮਰਗੜ੍ਹ ਆਦਿ ਹਾਜ਼ਰ ਸਨ।