ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਜੂਨ
ਇੱਥੇ ਸਰਕਾਰੀ ਹਸਪਤਾਲ ’ਚ ਅੱਜ ਨਸ਼ੇ ਛੱਡਣ ਵਾਲੇ ਮਰੀਜ਼ਾਂ ਨੇ ਦਵਾਈਆਂ ਦੀ ਘਾਟ ਹੋਣ ਕਰਕੇ ਧਰਨਾ ਦਿੱਤਾ ਅਤੇ ਮੁੱਖ ਮੰਤਰੀ ਪੰਜਾਬ ਤੇ ਸਿਵਲ ਸਰਜਨ ਸੰਗਰੂਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਨਸ਼ੱਈ ਮਰੀਜ਼ ਤਰਸੇਮ ਸਿੰਘ ਗੁਰਨੇ, ਜੰਟਾ ਸਿੰਘ ਤੇ ਗੁਰਬਚਨ ਸਿੰਘ ਆਦਿ ਨੇ ਕਿਹਾ ਕਿ ਉਹ ਨਸ਼ਾ ਕਰਨ ਦੇ ਆਦੀ ਸਨ। ਪੁਲੀਸ ਨੇ ਉਨ੍ਹਾਂ ਨੂੰ ਨਸ਼ਿਆਂ ਦੀ ਬਜਾਏ ਸਿਹਤ ਹਸਪਤਾਲ ’ਚ ਖੋਲ੍ਹੇ ਓਟ ਕੇਂਦਰ ’ਚ ਨਸ਼ੇ ਦਾ ਬਦਲ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਪਰ ਇਹ ਓਟ ਕੇਂਦਰ ਉਨ੍ਹਾਂ ਨੂੰ ਦਵਾਈ ਦੇਣ ਤੋਂ ਅਸਮਰਥ ਹਨ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਇਕੱਠੀ ਦਵਾਈ ਦੇਣ ਦਾ ਪੱਕਾ ਪ੍ਰਬੰਧ ਕਰੇ ਜਾਂ ਫੇਰ ਪੰਜਾਬ ਅੰਦਰ ਭੁੱਕੀ ਦੇ ਠੇਕੇ ਖੋਲ੍ਹਣ ਦੇ ਲਾਇਸੈਂਸ ਦੇ ਕੇ ਰਾਹਤ ਦੇਵੇ। ਓਟ ਕੇਂਦਰ ਦੀ ਡਿਊਟੀ ’ਤੇ ਤਾਇਨਾਤ ਸਟਾਫ ਨਰਸ ਕੁਲਵਿੰਦਰ ਕੌਰ ਨੇ ਦੱਸਿਆ ਕਿ ਲੌਕਡਾਊਨ ਤੋਂ ਪਹਿਲਾਂ ਇੱਥੇ ਸਿਰਫ਼ ਸੌ ਕੁ ਮਰੀਜ਼ ਰਜਿਸਟਰਡ ਸਨ। ਹੁਣ ਇਨ੍ਹਾਂ ਦੀ ਗਿਣਤੀ ਵਧ ਕੇ 236 ਹੋ ਗਈ ਹੈ। ਇਸ ਲਈ ਸਮੇ ਉਨਾਂ ਨੂੰ ਸਿਰਫ਼ ਇੱਕ ਦਿਨ ਦੀ ਦਵਾਈ ਹੀ ਦੇਣੀ ਪੈਂਦੀ ਹੈ।
ਉਧਰ ਐੱਸਐੱਮਓ ਡਾ. ਸੂਰਜ ਸ਼ਰਮਾ ਨੇ ਦੱਸਿਆ ਕਿ ਇੱਥੇ ਦਵਾਈ ਖਤਮ ਹੋਣ ਕਰਕੇ ਬਠਿੰਡਾ ਮੈਡੀਕਲ ਡਿੱਪੂ ਤੋਂ ਮੰਗਵਾਈ ਹੈ। ਉਨ੍ਹਾਂ ਦੱਸਿਆ ਕਿ ਇੱਥੇ ਹਰ ਰੋਜ਼ ਕਰੀਬ ਇੱਕ ਹਜ਼ਾਰ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਅੱਜ ਪੰਜ ਦਿਨਾਂ ਦੀ ਦਵਾਈ ਪਹੁੰਚੀ ਹੈ ਅਤੇ ਹਰ ਰੋਜ਼ ਓਟ ਕੇਂਦਰ ਵੱਲੋਂ ਵੰਡਣ ਦਾ ਭਰੋਸੇ ਮਗਰੋਂ ਧਰਨਾ ਖਤਮ ਕੀਤਾ।