ਪੱਤਰ ਪ੍ਰੇਰਕ
ਲਹਿਰਾਗਾਗਾ, 19 ਜੂਨ
ਪਿੰਡ ਰਾਏਧਰਾਣਾ ’ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਇਲਾਕਾ ਕਨਵੀਨਰ ਬਿੱਕਰ ਹਥੋਆ ਨੇ ਡਿਪੂ ਹੋਲਡਰਾਂ ਖਿਲਾਫ ਕਾਰਵਾਈ ਨਾ ਕਰਨ ’ਤੇ ਫੂਡ ਅਤੇ ਸਪਲਾਈ ਦਫ਼ਤਰ ਲਹਿਰਾਗਾਗਾ ਦੇ ਘਿਰਾਓ ਦਾ ਐਲਾਨ ਕੀਤਾ ਹੈ। ਜਥੇਬੰਦੀ ਨੇ ਦੱਸਿਆ ਕਿ ਪਿੰਡ ਇਕਾਈ ਦੇ ਪ੍ਰਧਾਨ ਚੇਤ ਸਿੰਘ ਰਾਏਧਰਾਣਾ ਨੂੰ ਡਿਪੂ ਹੋਲਡਰਾਂ ਵੱਲੋਂ ਘਪਲੇਬਾਜ਼ੀ ਤੇੇ ਵਿਤਕਰੇਬਾਜ਼ੀ ਖਿਲਾਫ ਆਵਾਜ਼ ਬੁਲੰਦ ਕਰਨ ’ਤੇ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਸਲੇ ਦੀ ਸ਼ਿਕਾਇਤ ਪਿਛਲੇ ਦਿਨੀਂ ਲਗਪਗ ਡੇਢ ਮਹੀਨਾ ਪਹਿਲਾਂ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਰੂਪ ਵਿੱਚ ਨਹੀਂ ਲਿਆਂਦੀ ਗਈ। ਜੇਕਰ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਜਲਦੀ ਹੀ ਫੂਡ ਸਪਲਾਈ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਫੂਡ ਸਪਲਾਈ ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇਹ ਮਸਲਾ ਆਇਆ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਪਰਚੀ ਦੂਜੇ ਡਿਪੂ ਕੋਲ ਨਿਕਲਣ ਦੀ ਜਾਂਚ ਕਰਵਾਈ ਜਾਵੇਗੀ।