ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 25 ਅਗਸਤ
ਪਿੰਡ ਭੂਦਨ ਦੇ ਮਜ਼ਦੂਰ ਪਰਿਵਾਰਾਂ ਵੱਲੋਂ ਉਨ੍ਹਾਂ ਦੇ ਘਰਾਂ ਅੱਗੇ ਖੜ੍ਹੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਾਲੇਰਕੋਟਲਾ ਇਕਾਈ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਅਲੀਪੁਰ ਦੀ ਅਗਵਾਈ ਹੇਠ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ-2 ਦੇ ਦਫ਼ਤਰ ਅੱਗੇ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਕਿਸਾਨਾਂ ਨੇ ਵੀ ਮਜ਼ਦੂਰਾਂ ਦੀ ਹਮਾਇਤ ਵਿੱਚ ਧਰਨੇ ਵਿੱਚ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਬਲਾਕ ਮਾਲੇਰਕੋਟਲਾ ਇਕਾਈ ਦੇ ਖ਼ਜ਼ਾਨਚੀ ਕੁਲਵਿੰਦਰ ਸਿੰਘ ਭੂਦਨ ਅਤੇ ਮੀਤ ਪ੍ਰਧਾਨ ਨਿਰਮਲ ਸਿੰਘ ਅਲੀਪੁਰ ਨੇ ਕਿਹਾ ਕਿ ਪਿੰਡ ਭੂਦਨ ਵਿੱਚ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਪਿੰਡ ਦੇ 15-16 ਮਜ਼ਦੂਰ ਪਰਿਵਾਰਾਂ ਦੇ ਘਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਮਜ਼ਦੂਰਾਂ ਦੇ ਘਰ ਢਹਿ ਗਏ ਹਨ ਤੇ ਕਈ ਮਜ਼ਦੂਰਾਂ ਦੇ ਘਰਾਂ ਦੀ ਹਾਲਤ ਤਾਂ ਬੇਹੱਦ ਖ਼ਸਤਾ ਹੋ ਗਈ ਹੈ। ਮਜ਼ਦੂਰ ਪਰਿਵਾਰ ਕਿਰਾਏ ਦੇ ਘਰਾਂ ‘ਚ ਰਹਿ ਰਹੇ ਹਨ। ਆਗੂਆਂ ਕਿਹਾ ਕਿ ਮਜ਼ਦੂਰ ਪਵਿਾਰਾਂ ਦੇ ਘਰਾਂ ਅੱਗੇ ਖੜ੍ਹੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕੀਤਾ ਜਾਵੇ। ਜਿਹੜੇ ਮਜ਼ਦੂਰਾਂ ਦੇ ਘਰ ਢਹਿ ਗਏ ਹਨ, ਉਨ੍ਹਾਂ ਨੂੰ ਪੰਜ ਲੱਖ ਰੁਪਏ ਅਤੇ ਜਿਨ੍ਹਾਂ ਮਜ਼ਦੂਰਾਂ ਦੇ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ, ਉਨ੍ਹਾਂ ਮਜ਼ਦੂਰਾਂ ਨੂੰ ਢਾਈ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਧਰਨੇ ਦੌਰਾਨ ਪਿੰਡ ਖਾਨਪੁਰ ਦੇ ਪਾਣੀ ਦੀ ਨਿਕਾਸੀ ਦਾ ਵੀ ਮੁੱਦਾ ਉਠਾਇਆ ਗਿਆ। ਇਸ ਧਰਨੇ ਨੂੰ ਰਵਿੰਦਰ ਸਿੰਘ ਹਥਨ, ਸੰਦੀਪ ਸਿੰਘ ਉਪੋਕੀ, ਮਜ਼ਦੂਰ ਆਗੂ ਮੇਜਰ ਸਿੰਘ ਹਥਨ, ਮੇਜਰ ਸਿੰਘ ਕਲੇਰਾਂ ਤੇ ਸਤਨਾਮ ਸਿੰਘ ਮਾਣਕਮਾਜਰਾ ਆਦਿ ਨੇ ਵੀ ਸੰਬੋਧਨ ਕੀਤਾ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਬਬਲਜੀਤ ਕੌਰ ਨੇ ਦੱਸਿਆ ਕਿ ਅਦਾਲਤ ਦੀ ਸਟੇਅ ਕਾਰਨ ਮਾਮਲੇ ਦਾ ਹੱਲ ਨਹੀਂ ਹੋ ਸਕਿਆ, ਫਿਰ ਵੀ ਵਿਭਾਗ ਵੱਲੋਂ ਜਲਦੀ ਹੀ ਪਾਣੀ ਦੀ ਨਿਕਾਸੀ ਦਾ ਆਰਜ਼ੀ ਪ੍ਰਬੰਧ ਕੀਤਾ ਜਾ ਰਿਹਾ ਹੈ।
ਘਨੌਰੀ ਕਲਾਂ ’ਚ ਨਿਕਾਸੀ ਦਾ ਵਿਵਾਦ ਸੁਲਝਿਆ
ਸ਼ੇਰਪੁਰ (ਬੀਰਬਲ ਰਿਸ਼ੀ): ਪਿੰਡ ਘਨੌਰੀ ਕਲਾਂ ਵਿੱਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ’ਚ ਦਾਖ਼ਲ ਹੋਣ ਤੋਂ ਭਖਿਆ ਵਿਵਾਦ ਅੱਜ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਅਤੇ ਐੱਸਐੱਚਓ ਸਦਰ ਜਗਮੇਲ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਕੁੱਝ ਸ਼ਰਤਾਂ ਦੇ ਆਧਾਰ ’ਤੇ ਨਿੱਬੜ ਗਿਆ। ਇਸ ਮਗਰੋਂ ਪਾਣੀ ਦੀ ਨਿਕਾਸੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਅੱਜ ਬਾਅਦ ਦੁਪਹਿਰ ਸੂਰਾ ਪੱਤੀ ਦਾ ਪਾਣੀ ਵਾਟਰ ਟਰੀਟਮੈਂਟ ਵੱਲ ਕਢਵਾਉਣ ਲਈ ਭਾਰੀ ਪੁਲੀਸ ਫੋਰਸ ਨਾਲ ਪੁੱਜੇ ਉਕਤ ਦੋਵੇਂ ਅਧਿਕਾਰੀਆਂ ਅਤੇ ਗ੍ਰਾਮ ਪੰਚਾਇਤ ਦੀ ਹਾਜ਼ਰੀ ਦਰਮਿਆਨ ਦੋਵੇਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਸਮਝੌਤਾ ਕਰ ਲਿਆ। ਪਿੰਡ ਦੇ ਸਾਬਕਾ ਪੰਚ ਕੇਵਲ ਸਿੰਘ ਘਨੌਰੀ ਨੇ ਹਾਜ਼ਰੀਨ ਲੋਕਾਂ ਨੂੰ ਸਮਝੌਤੇ ਦੀਆਂ ਪੜ੍ਹਕੇ ਸੁਣਾਈਆਂ ਸ਼ਰਤਾਂ ਅਨੁਸਾਰ ਦੱਸਿਆ ਕਿ ਸੂਰਾ ਪੱਤੀ ਦਾ ਪਾਣੀ ਵਾਟਰ ਟਰੀਟਮੈਂਟ ਵੱਲ ਪਵੇਗਾ, ਜਿਸ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ। ਸਰਪੰਚ ਗੁਰਜੰਟ ਸਿੰਘ ਹੈਪੀ ਨੇ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਉਂਜ ਧਰਨਾਕਾਰੀ ਖ਼ਬਰ ਲਿਖੇ ਜਾਣ ਤੱਕ ਧਰਨੇ ’ਤੇ ਡਟੇ ਹੋਏ ਸਨ। ਉਧਰ ਨਿਕਾਸੀ ਲਈ ਕਈ ਸਾਲਾਂ ਤੋਂ ਬੰਦ ਪਈ ਭੜੋਲੀ ਦਾ ਮੂੰਹ ਖੋਲ੍ਹੇ ਜਾਣ ਮਗਰੋਂ ਜਿਉਂ ਹੀ ਇਹ ਪਾਣੀ ਅੰਬੇਡਕਾਰ ਨਗਰ ਦੇ ਦਲਿਤ ਪਰਿਵਾਰਾਂ ਦੇ ਘਰਾਂ ਵੱਲ ਪਹੁੰਚਿਆਂ ਤਾਂ ਉਨ੍ਹਾਂ ਇਕੱਠੇ ਹੋਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਅੱਗੇ ਬੰਨ੍ਹ ਮਾਰ ਦਿੱਤਾ। ਇਸ ਮਗਰੋਂ ਸਕੂਲ ਪੁੱਜੇ ਵਿਦਿਆਰਥੀਆਂ ਨੂੰ ਗੋਡੇ-ਗੋਡੇ ਗੰਦੇ ਪਾਣੀ ਵਿੱਚੋਂ ਦੀ ਹੋ ਕੇ ਲੰਘਣਾ ਪਿਆ।