ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਜੁਲਾਈ
ਇੱਥੇ ਭਗਵਾਨ ਵਾਲਮੀਕਿ ਰਾਮਾਇਣ ਭਵਨ ਤੇ ਸਰੋਵਰ ਦੇ ਸਤਿਸੰਗ ਤੇ ਲੰਗਰ ਹਾਲ ਲਈ ਜਾਰੀ 1.25 ਕਰੋੜ ਰੁਪਏ ਦਾ ਫੰਡ ਵਾਪਸ ਲੈਣ ਖ਼ਿਲਾਫ਼ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਬੇਮਿਆਦੀ ਭੁੱਖ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ। ਭੁੱਖ ਹੜਤਾਲੀ ਮੈਂਬਰਾਂ ਅਤੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਵੱਲੋਂ ਅੱਜ ਰੋਸ ਮਾਰਚ ਕੀਤਾ ਗਿਆ ਅਤੇ ਪਟਿਆਲਾ ਗੇਟ ਸਥਿਤ ਸੜਕ ’ਤੇ ਆਵਾਜਾਈ ਠੱਪ ਕਰ ਕੇ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ।
ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਦੇ ਪੰਜ ਮੈਂਬਰਾਂ ਪ੍ਰਧਾਨ ਰਵੀ ਚਾਵਲਾ, ਖ਼ਜ਼ਾਨਚੀ ਸੁਭਾਸ਼ ਕੁਮਾਰ, ਮੈਂਬਰ ਸੀਤਾ ਰਾਮ ਚੌਹਾਨ, ਰਫੀ ਅਤੇ ਅਨਿਲ ਪੰਜਵੇਂ ਦਿਨ ਵੀ ਭੁੱਖ ਹੜਤਾਲ ’ਤੇ ਡਟੇ ਰਹੇ। ਪੰਜਾਬ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਹੋਣ ’ਤੇ ਰੋਹ ਵਿੱਚ ਆਏ ਭੁੱਖ ਹੜਤਾਲੀ ਮੈਂਬਰਾਂ ਅਤੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਪਟਿਆਲਾ ਗੇਟ ’ਤੇ ਸਥਿਤ ਸੜਕ ’ਤੇ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵੀ ਚਾਵਲਾ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਭਗਵਾਨ ਵਾਲਮੀਕਿ ਰਾਮਾਇਣ ਭਵਨ ਤੇ ਸਰੋਵਰ ਦੇ ਸਤਿਸੰਗ ਤੇ ਲੰਗਰ ਹਾਲ ਲਈ 1.25 ਕਰੋੜ ਰੁਪਏ ਦੇ ਫੰਡ ਜਾਰੀ ਹੋਏ ਸਨ ਪਰ ‘ਆਪ’ ਸਰਕਾਰ ਨੇ ਇਹ ਫੰਡ ਵਾਪਸ ਮੰਗਵਾ ਕੇ ਵਾਲਮੀਕਿ ਸਮਾਜ ਨਾਲ ਵਿਤਕਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਨੁਮਾਇੰਦਿਆਂ ਨੂੰ ਵਾਰ-ਵਾਰ ਲਿਖਤੀ ਪੱਤਰ ਦੇਣ ਦੇ ਬਾਵਜੂਦ ਅਜੇ ਤੱਕ ਮੁੜ ਫੰਡ ਜਾਰੀ ਨਹੀਂ ਕੀਤੇ ਗਏ, ਜਿਸ ਕਾਰਨ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਵੱਲੋਂ ਵਾਲਮੀਕਿ ਭਾਈਚਾਰੇ ਦੇ ਸਹਿਯੋਗ ਨਾਲ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਜੋ ਕਿ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਵੱਲੋਂ ਵਾਪਸ ਲਈ ਗਈ ਸਵਾ ਕਰੋੜ ਰੁਪਏ ਦੀ ਗ੍ਰਾਂਟ ਮੁੜ ਜਾਰੀ ਨਹੀਂ ਕੀਤੀ ਜਾਂਦੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਵਾਲਮੀਕਿ ਭਾਈਚਾਰੇ ਦੀ ਅਹਿਮ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਗ੍ਰਾਂਟ ਜਾਰੀ ਨਾ ਕੀਤੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।