ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਅਕਤੂਬਰ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਪੰਜ-ਪੰਜ ਮਰਲੇ ਪਲਾਟ ਵੰਡਣ ਸਬੰਧੀ ਜਾਰੀ ਹੋਈਆਂ ਹਦਾਇਤਾਂ ਦੀ ਪੰਚਾਇਤਾਂ ਵੱਲੋਂ ਉਲੰਘਣਾ ਕਰਨ, ਵਿਤਕਰੇਬਾਜ਼ੀ ਤੇ ਧੱਕੇਸ਼ਾਹੀ ਕਰਨ ਖ਼ਿਲਾਫ਼ ਸੈਂਕੜੇ ਮਜ਼ਦੂਰਾਂ ਤੇ ਔਰਤਾਂ ਵਲੋਂ ਵਿਸ਼ਾਲ ਰੋਸ ਰੈਲੀ ਕਰਨ ਮਗਰੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਮਗਰੋਂ ਡੀਸੀ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੰਦਿਆਂ ਡੀਸੀ, ਏਡੀਸੀ, ਡੀਡੀਪੀਓ ਅਤੇ ਵੱਖ-ਵੱਖ ਬਲਾਕਾਂ ਦੇ ਬੀਡੀਪੀਓਜ਼ ਨਾਲ ਮੀਟਿੰਗਾਂ ਤੈਅ ਕਰਕੇ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਵਿਤਕਰੇਬਾਜ਼ੀ ਬੰਦ ਕਰਨ ਦੀ ਮੰਗ ਕੀਤੀ।
ਅੱਜ ਜ਼ਿਲ੍ਹਾ ਭਰ ਦੇ ਸੈਂਕੜੇ ਮਜ਼ਦੂਰ ਤੇ ਔਰਤਾਂ ਬਨਾਸਰ ਬਾਗ ’ਚ ਇਕੱਠੇ ਹੋਏ ਜਿਥੇ ਰੋਸ ਰੈਲੀ ਕੀਤੀ ਗਈ। ਸ਼ਹਿਰ ’ਚ ਰੋਸ ਮਾਰਚ ਕਰਦਿਆਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਸੂਬਾ ਆਗੂ ਧਰਮਪਾਲ ਸਿੰਘ, ਸੂਬਾ ਆਗੂ ਬਲਵਿੰਦਰ ਜਲੂਰ ਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵੱਲੋਂ ਲੋੜਵੰਦਾਂ/ ਬੇਜ਼ਮੀਨਿਆਂ ਨੂੰ ਪਿੰਡਾਂ ’ਚ ਗ੍ਰਾਮ ਸਭਾ ਦਾ ਅਜਲਾਸ ਬੁਲਾ ਕੇ ਪੰਜ ਪੰਜ ਮਰਲੇ ਦੇ ਪਲਾਟ ਵੰਡਣ ਸਬੰਧੀ ਮਤੇ ਪਾਸ ਕਰਨ ਦੀਆਂ ਹਦਾਇਤਾਂ ਜਾਰੀ ਹੋਈਆਂ ਹਨ। ਜਿਹੜਾ ਲੜਕਾ/ਲੜਕੇ ਪਰਿਵਾਰ ਵਿੱਚੋਂ ਵਿਆਹਿਆ/ਵਿਆਹੇ ਜਾਂਦੇ ਹਨ ਉਹ ਪੰਜ ਮਰਲੇ ਦੇ ਪਲਾਟ ਦੇ ਹੱਕਦਾਰ ਹਨ। ਨਿਯਮਾਂ ਮੁਤਾਬਕ ਗਰਾਮ ਸਭਾ ਦੇ ਇਜਲਾਸ ਨਹੀਂ ਸੱਦੇ ਜਾ ਰਹੇ। ਪਲਾਟਾਂ ਦੇ ਹੱਕਦਾਰਾਂ ਦੇ ਹੱਕਾਂ ’ਤੇ ਪੈ ਰਹੇ ਡਾਕਿਆਂ ਲਈ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।