ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਸਤੰਬਰ
ਇੱਥੇ ਪਿੰਡ ਭਾਈ ਕੀ ਪਸ਼ੌਰ ਤੋਂ 30 ਅਗਸਤ ਨੂੰ ਪਿੰਡ ਦੀਆਂ ਦੋ ਨਬਾਲਗ ਬੱਚੀਆਂ ਨੂੰ ਪਿੰਡ ਦੇ ਦੋ ਜ਼ਮਾਨਤ ’ਤੇ ਆਏ ਮੁਲਜ਼ਮ- ਸੇਵਕ ਸਿੰਘ ਅਤੇ ਸਾਹਿਲ ਵੱਲੋਂ ਅਗਵਾ ਕਰਨ ਖ਼ਿਲਾਫ਼ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਥਾਣੇ ਅੱਗੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਦਿੜ੍ਹਬਾ ਥਾਣੇ ’ਚ ਚੋਰੀ ਦੇ ਕੇਸ ’ਚ ਜ਼ਮਾਨਤ ’ਤੇ ਹਨ ਪਰ ਲਹਿਰਾਗਾਗਾ ਪੁਲੀਸ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਲੜਕੀਆਂ ਨੂੰ ਬਰਾਮਦ ਕਰਵਾਉਣ ਤੋਂ ਆਨਾਕਾਨੀ ਕਰ ਰਹੀ ਹੈ।
ਇਸ ਮੌਕੇ ਬੀਕੇਯੂ ਦੇ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ਰਾਮਚੰਦ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ, ਨਿੱਕਾ ਸਿੰਘ ਸੰਗਤੀਵਾਲਾ, ਬੂਟਾ ਸਿੰਘ ਭੁਟਾਲ ਕਲਾਂ ਤੇ ਮਨਜੀਤ ਕੌਰ ਘੋੜੇਨਬ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੱਚੀਆਂ ਦੀ ਭਾਲ ਜਲਦੀ ਤੋਂ ਜਲਦੀ ਨਾ ਕੀਤੀ ਗਈ ਅਤੇ ਜੇਕਰ ਮੁਲਜ਼ਮਾਂ ’ਤੇ ਕੋਈ ਕਾਰਵਾਈ ਨਾ ਹੋਈ ਤਾਂ ਅਣਮਿੱਥੇ ਸਮੇਂ ਲਈ ਥਾਣੇ ਦਾ ਘਿਰਾਓ ਕੀਤਾ ਜਾਵੇਗਾ ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਵੱਡਾ ਐਕਸ਼ਨ ਕੀਤਾ ਜਾਵੇਗਾ।
ਐੱਸਐੱਚਓ ਸਦਰ ਇੰਸਪੈਕਟਰ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਹੈ ਅਤੇ ਗ੍ਰਿਫ਼ਤਾਰੀ ਲਈ ਛਾਪੇ ਮਾਰ ਜਾ ਰਹੇ ਹਨ।