ਹਰਦੀਪ ਸਿੰਘ ਸੋਢੀ
ਧੂਰੀ, 26 ਜੁਲਾਈ
ਨਾਰੀ ਏਕਤਾ ਜਬਰ ਵਿਰੋਧੀ ਫਰੰਟ ਦੀ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਜਥੇਬੰਦੀ ਦੇ ਵਰਕਰਾਂ ਵੱਲੋਂ ਥਾਣਾ ਸਿਟੀ ਧੂਰੀ ਅੱਗੇ ਧਰਨਾ ਦਿੰਦਿਆਂ ਪਤੀ ਦੀ ਕੁੱਟਮਾਰ ਦਾ ਸ਼ਿਕਾਰ ਔਰਤ ਦੇ ਮਾਮਲੇ ਵਿਚ ਪੁਲੀਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਥਾਨਕ ਸ਼ਹਿਰ ਵਿਚ ਵਿਆਹੀ ਨਿੱਕੀ ਕੌਰ ਨੂੰ ਉਸ ਦੇ ਪਤੀ ਗੌਰਵ ਸਿੰਘ ਵੱਲੋਂ ਉਸ ਨਾਲ ਕਥਿਤ ਤੌਰ ’ਤੇ ਮਾੜਾ ਸਲੂਕ ਕਰਦਿਆਂ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਹ ਸਥਾਨਕ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਰਹੀ, ਪਰ ਪੁਲੀਸ ਵੱਲੋਂ ਉਸ ਦੇ ਪਤੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਧਰਨਾਕਾਰੀਆਂ ਨੇ ਪੀੜਤ ਲੜਕੀ ਦੇ ਪਤੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਤੋਂ ਇਲਾਵਾ ਕਿਰਨ ਕੌਰ ਸੁਨਾਮ, ਪ੍ਰੇਮ ਸਿੰਘ ਕੋਟਲਾ, ਸੰਤੋਸ਼ ਕੌਰ ਦਿੜਬਾ, ਪਰਮਜੀਤ ਕੌਰ, ਸਰਬਜੀਤ ਕੌਰ, ਬਲਵਿੰਦਰ ਸਿੰਘ ਸਿੰਦੜਾ, ਹਰਪ੍ਰੀਤ ਕੌਰ ਗੱਠਲਾ, ਧਰਮਪਾਲ ਸਿੰਘ, ਕਰਮਜੀਤ ਕੌਰ ਅਤੇ ਜਗਦੀਪ ਕੌਰ ਆਦਿ ਨੇ ਸੰਬੋਧਨ ਕੀਤਾ। ਸੰਪਰਕ ਕਰਨ ’ਤੇ ਥਾਣਾ ਸਿਟੀ ਦੇ ਐੱਸਐੱਚਓ ਦੀਪਇੰਦਰਪਾਲ ਸਿੰਘ ਜੈਜੀ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੀੜਤ ਲੜਕੀ ਦੇ ਬਿਆਨ ਦੇ ਆਧਾਰ ’ਤੇ ਉਸ ਦੇ ਪਤੀ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਹੈ।