ਪੱਤਰ ਪ੍ਰੇਰਕ
ਸ਼ੇਰਪੁਰ, 1 ਮਈ
ਬਿਜਲੀ ਸਪਲਾਈ ਵਧਾਉਣ ਦੀ ਮੰਗ ਲਈ ਬੀਕੇਯੂ ਡਕੌਂਦਾ ਬਲਾਕ ਸ਼ੇਰਪੁਰ ਦੇ ਪ੍ਰਧਾਨ ਸਮਸ਼ੇਰ ਸਿੰਘ ਈਸਾਪੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ 2 ਮਈ ਨੂੰ ਐਕਸੀਅਨ ਦਫ਼ਤਰ ਧੂਰੀ ਦੇ ਦਫ਼ਤਰ ਅੱਗੇ ਲਗਾਏ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।
ਜਥੇਬੰਦੀ ਦੇ ਆਗੂ ਕਰਮਜੀਤ ਸਿੰਘ ਛੰਨਾ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਧਰਨੇ ਦੌਰਾਨ ਉਭਾਰਿਆ ਜਾਵੇਗਾ ਕਿ ਖੇਤੀ ਮੋਟਰਾਂ ਲਈ ਨਾਮਾਤਰ ਬਿਜਲੀ ਸਪਲਾਈ ਆਉਣ ਕਾਰਨ ਹਰਾ ਚਾਰਾ ਤੇ ਸਬਜ਼ੀਆਂ ਮੱਚ ਰਹੀਆਂ ਹਨ ਜਦੋਂ ਕਿ ਘਰਾਂ ਵਿੱਚ ਪੱਖੇ, ਕੂਲਰ, ਫਰਿੱਜ ਤੇ ਬਿਜਲੀ ਨਾਲ ਚੱਲਣ ਵਾਲਾ ਸਾਮਾਨ ਸ਼ੋਅਪੀਸ ਬਣਕੇ ਰਹਿ ਗਏ ਹਨ। ਇਸ ਕਰਕੇ ਖੇਤੀਬਾੜੀ ਲਈ 8 ਘੰਟੇ ਅਤੇ ਘਰਾਂ ਲਈ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਮੀਟਿੰਗ ਨੂੰ ਦਰਸ਼ਨ ਸਿੰਘ ਕਾਤਰੋਂ, ਰੂਪ ਸਿੰਘ ਸ਼ੇਰਪੁਰ, ਜਗਤਾਰ ਸਿੰਘ ਕਲੇਰਾਂ ਆਦਿ ਨੇ ਸੰਬੋਧਨ ਕੀਤਾ।