ਨਿਜੀ ਪੱਤਰ ਪ੍ਰੇਰਕ
ਸੰਗਰੂਰ, 5 ਅਕਤੂਬਰ
ਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਪੰਜਾਬ ਦੇ ਸੱਦੇ ਤੇ ਅੱਜ ਜ਼ਿਲ੍ਹਾ ਇਕਾਈ ਵੱਲੋਂ ਡੀਸੀ ਕੰਪਲੈਕਸ ਦੇ ਮੁੱਖ ਗੇਟ ਤੱਕ ਜਬਰਦਸ਼ਤ ਰੋਸ ਮੁਜਹਾਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੇ ਨਾਅਰੇ ਲਿਖੀਆਂ ਤਖਤੀਆਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ। ਇਸ ਤੋਂ ਪਹਿਲਾ ਇੱਕਠ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਆਗੂ ਸੁਖਦੇਵ ਸਿੰਘ ਬੜੀ ਤੇ ਸੁਖਦੇਵ ਸਿੰਘ ਚੰਗਾਲੀਵਾਲਾ ਨੇ ਕਿਹਾ ਕਿ ਮਾਪਿਆਂ ਦੀ ਗੈਰ ਮਜੂਦਗੀ ਵਿੱਚ ਤੇ ਰਾਤ ਦੇ ਹਨੇਰੇ ਵਿੱਚ ਲੜਕੀ ਦਾ ਸਸਕਾਰ ਕਰਨਾ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਰਿਹਾ ਹੈ। ਪ੍ਰਸ਼ਾਸਨ ਤੇ ਪੁਲੀਸ ਦਾ ਜੁਲਮ ਇਸ ਕਦਰ ਵਧ ਚੁੱਕਾ ਹੈ ਕਿ ਪੀੜਤ ਪਰਿਵਾਰ ਤੋਂ ਲੜਕੀ ਦੇ ਸਸਕਾਰ ਕਰਨ ਦਾ ਹੱਕ ਵੀ ਖੋਹਿਆ ਗਿਆ। ਬੇਟੀ ਬਚਾਓ ਬੇਟੀ ਪੜ੍ਹਾਓ ਦੇ ਕੇਵਲ ਨਾਅਰੇ ਨਹੀਂ ਸਗੋਂ ਲੋਕਾਂ ਦੀ ਔਰਤ ਵਿਰੋਧੀ ਮਾਨਸਕਿਤਾ ਨੂੰ ਬਦਲਣਾ ਪਵੇਗਾ। ਆਗੂਆਂ ਨੇ ਮੰਗ ਕੀਤੀ ਕਿ ਇਸ ਘਟਨਾ ਦੀ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਜਾਂਚ ਕਰਨ ਦੇ ਨਾਲ-ਨਾਲ ਪਰਿਵਾਰ ਨਾਲ ਕਿਸੇ ਨੂੰ ਵੀ ਮਿਲਣ ਦੀ ਖੁੱਲ ਦਿੱਤੀ ਜਾਵੇ।
ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਰੋਸ ਮੁਜਹਾਰੇ ਵਿੱਚ ਫੈਡਰੇਸ਼ਨ ਦੇ ਜ਼ਿਲ੍ਹਾ ਚੈਅਰਮੈਨ ਮਾਲਵਿੰਦਰ ਸਿੰਘ, ਵਿੱਤ ਸਕੱਤਰ ਬਲਦੇਵ ਬਡਰੁੱਖਾ, ਗੋਰਮਿੰਟ ਟੀਚਰਜ਼ ਯੂਨੀਅਨ ਦੇ ਕਰਨੈਲ ਸਿੰਘ, ਫਕੀਰ ਸਿੰਘ ਟਿੱਬਾ, ਸਤਵੰਤ ਸਿੰਘ ਆਲਮਪੁਰ, ਕਰਨੈਲ ਸਿੰਘ ਮੂਣਕ, ਸਰਬਜੀਤ ਪੁੰਨਾਵਾਲ, ਹਿਮਾਸੂ ਸਿੰਗਲਾ, ਸੀਤਲ ਕੁਮਾਰ ਅਤੇ ਬਾਰਾ ਸਿੰਘ, ਐਡਵੋਕੇਟ ਹਰਦੇਵ ਸਿੰਘ, ਜੰਗਲਾਤ ਵਰਕਰ ਯੂਨੀਅਨ ਦੇ ਜਸਵਿੰਦਰ ਗਾਗਾ ਅਤੇ ਸਤਨਾਮ ਸਿੰਘ, ਫੀਲਡ ਵਰਕਰਜ ਯੂਨੀਅਨ ਦੇ ਭਰਪੂਰ ਸਿੰਘ ਛਾਜਲੀ, ਮੇਜਰ ਸਿੰਘ, ਹਰਪਾਲ ਸਿੰਘ, ਸਫਾਈ ਸੇਵਕ ਯੂਨੀਅਨ ਵੱਲੋਂ ਭਰਤ ਬੇਦੀ ਅਤੇ ਵਿਕਰਮ ਚਾਵਲਾ, ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜੋਤਿੰਦਰ ਜੋਤੀ, ਬੀ ਐਡ ਫਰੰਟ ਦੇ ਕਮਲਜੀਤ ਘੋੜੇਨਾਬ ਅਤੇ ਹੋਰ ਮੌਜੂਦ ਸਨ।