ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਨਵੰਬਰ
ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਦੀ ਅਗਵਾਈ ਹੇਠ ਗ੍ਰਾਮੀਣ ਡਾਕ ਸੇਵਕਾਂ ਵੱਲੋਂ ਸਥਾਨਕ ਮੁੱਖ ਡਾਕਘਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਆਪਣੀਆਂ ਸਮੱਸਿਆਵਾਂ ਤੇ ਮੰਗਾਂ ਬਾਰੇ ਇੱਕ ਮੰਗ ਪੱਤਰ ਡਾਕਘਰ ਦੇ ਸੁਪਰਡੈਂਟ ਨੂੰ ਸੌਂਪਿਆ ਗਿਆ।
ਰੋਸ ਧਰਨੇ ਦੀ ਅਗਵਾਈ ਕਰਦਿਆਂ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਹਰੀਕਾ, ਡਵੀਜ਼ਨ ਸਕੱਤਰ ਸਤਨਾਮ ਸਿੰਘ ਜਵੰਧਾ ਤੇ ਮੀਤ ਸਕੱਤਰ ਹਰਵਿੰਦਰ ਸਿੰਘ ਸਰਾਂ ਨੇ ਕਿਹਾ ਕਿ ਗ੍ਰਾਮੀਣ ਡਾਕ ਸੇਵਕਾਂ ਨੂੰ ਅਨੇਕਾਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਡਾਕ ਸੇਵਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ ਜਿਸ ਕਾਰਨ ਰੋਸ ਧਰਨੇ ਲਈ ਮਜ਼ਬੂਰ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਜੀਡੀਐੱਸ ਕਰਮਚਾਰੀਆਂ ਨੂੰ ਸਿਵਿਲ ਸਰਵੈਂਟ ਦਾ ਦਰਜਾ ਦਿੱਤਾ ਜਾਵੇ, ਜੀਡੀਐੱਸ ਦਾ ਰੁਕਿਆ ਮਹਿੰਗਾਈ ਭੱਤਾ ਲਾਗੂ ਕੀਤਾ ਜਾਵੇ, ਕਮਲੇਸ਼ ਚੰਦਰਾ ਕਮੇਟੀ ਦੀਆਂ ਸਿਫ਼ਾਰਸ਼ਾਂ ਇੰਨ ਬਿੰਨ ਲਾਗੂ ਕੀਤੀਆਂ ਜਾਣ, ਜੀਡੀਐੱਸ ਨੂੰ 180 ਛੁੱਟੀਆਂ ਦਾ ਲਾਭ ਦਿੱਤਾ ਜਾਵੇ, ਸਾਥੀਆਂ ਦਾ ਟਾਰਗੈਟ ਦੇ ਨਾਂ ’ਤੇ ਸ਼ੋਸ਼ਨ ਬੰਦ ਕੀਤਾ ਜਾਵੇ, ਰੂਲ ਤਿੰਨ-ਏ ਖਤਮ ਕੀਤਾ ਜਾਵੇ, ਡਿਊਟੀ ਦਾ ਸਮਾਂ ਅੱਠ ਘੰਟੇ ਕੀਤਾ ਜਾਵੇ, ਬੰਦ ਕੀਤਾ ਡਲਿਵਰੀ ਅਲਾਊਂਸ ਚਾਲੂ ਕੀਤਾ ਜਾਵੇ ਤੇ ਡਾਕ ਸੇਵਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜੇ ਜਲਦੀ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਲਈ ਮਜ਼ਬੂਰ ਹੋਣਾ ਪਵੇਗਾ। ਰੋਸ ਧਰਨੇ ’ਚ ਖਜ਼ਾਨਚੀ ਮੁਹੰਮਦ ਇਕਬਾਲ ਦਿੜ੍ਹਬਾ, ਗੁਰਜਿੰਦਰ ਸਿੰਘ ਮਹਿਸਮਪੁਰ, ਨਰਾਤਾ ਸਿੰਘ ਲਹਿਰਾ, ਹਰਜਿੰਦਰ ਖ਼ਾਨ, ਹਰਬੰਸ ਸਿੰਘ ਲਹਿਰਾ, ਨਰਾਤਾ ਸਿੰਘ ਲਹਿਰਾ, ਦਰਸ਼ਨ ਸਿੰਘ ਧਾਲੀਵਾਲ ਸ਼ੇਰਪੁਰ ਆਦਿ ਸ਼ਾਮਲ ਹੋਏ। ਮੁੱਖ ਡਾਕਘਰ ਦੇ ਸੁਪਰਡੰਟ ਨੂੰ ਮੰਗ ਪੱਤਰ ਸੌਂਪਿਆ ਗਿਆ।