ਨਿਜੀ ਪੱਤਰ ਪ੍ਰੇਰਕ
ਸੰਗਰੂਰ, 7 ਮਾਰਚ
ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇਥੇ ਕਾਰਜਕਾਰੀ ਇੰਜਨੀਅਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਬਰਾਂਚ ਪ੍ਰਧਾਨ ਗੁਰਜੰਟ ਸਿੰਘ ਉਗਰਾਹਾਂ ਵਲੋਂ ਕੀਤੀ ਗਈ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਨਿਵਾਸ ਸ਼ਰਮਾ ਨੇ ਕਿਹਾ ਕਿ ਲਗਾਤਾਰ ਇੱਕ ਸਾਲ ਤੋਂ ਵਰਕਰਾਂ ਦਾ ਈ.ਪੀ.ਐਫ਼ ਜਮ੍ਹਾਂ ਨਹੀਂ ਕਰਵਾਇਆ ਗਿਆ। ਕੰਪਨੀ ਲਗਾਤਾਰ ਵਰਕਰਾਂ ਦਾ ਸ਼ੋਸ਼ਣ ਕਰ ਰਹੀ ਹੈ। ਵਰਕਰਾਂ ਦੇ ਈ.ਐਸ.ਆਈ. ਕਾਰਡਾਂ ਦੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਇਸ ਸਬੰਧੀ ਯੂਨੀਅਨ ਵਲੋਂ ਲਗਾਤਾਰ ਡੈਪੂਟੇਸ਼ਨਾਂ ਰਾਹੀਂ ਬੋਰਡ ਦੇ ਅਧਿਕਾਰੀਆਂ ਨੂੰ ਸਮੇਂ ਸਮੇਂ ਸਿਰ ਮਿਲ ਕੇ ਜਾਣੂ ਵੀ ਕਰਵਾਇਆ ਜਾਂਦਾ ਰਿਹਾ ਹੈ ਪਰੰਤੂ ਇਸ ਦੇ ਬਾਵਜੂਦ ਇਨ੍ਹਾਂ ਮਸਲਿਆਂ ਦਾ ਨਾ ਤਾਂ ਬੋਰਡ ਵਲੋਂ ਅਤੇ ਨਾ ਹੀ ਸਬੰਧਤ ਕੰਪਨੀ ਵਲੋਂ ਕੋਈ ਹੱਲ ਕੀਤਾ ਗਿਆ ਹੈ। ਇਥੇ ਹੀ ਬੱਸ ਨਹੀਂ ਵਰਕਰਾਂ ਨੂੰ ਸਮੇਂ ਸਿਰ ਤਨਖਾਹ ਵੀ ਨਹੀਂ ਦਿੱਤੀ ਜਾਂਦੀ। ਇਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੇ ਵਰਕਰਾਂ ਵਿਚ ਬੋਰਡ ਅਤੇ ਸਬੰਧਤ ਕੰਪਨੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸੁਣਵਾਈ ਨਾ ਹੋਣ ’ਤੇ ਧਰਨੇ ਲਈ ਮਜਬੂਰ ਹੋਣਾ ਪਿਆ ਹੈ। ਸੂਬਾਈ ਆਗੂ ਭਰਪੂਰ ਸਿੰਘ ਛਾਜਲੀ, ਚਮਕੌਰ ਸਿੰਘ ਮਹਿਲਾਂ, ਹਰਦੀਪ ਸੰਗਰੂਰ, ਸਰਬਜੀਤ ਸੁਨਾਮ, ਜਸਵੀਰ ਜੱਸੀ, ਜ਼ੋਰਾ ਸਿੰਘ ਲਹਿਰਾ, ਕਰਮਜੀਤ ਸਿੰਘ ਕੰਮਾ ਆਦਿ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਅਤੇ ਤਨਖਾਹਾਂ ਨੂੰ ਸਮੇਂ ਸਿਰ ਯਕੀਨੀ ਨਾ ਬਣਾਇਆ ਗਿਆ ਤਾਂ 14 ਮਾਰਚ ਨੂੰ ਕਾਰਜਕਾਰੀ ਇੰਜਨੀਅਰ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਜਾਵੇਗਾ।