ਨਿੱਜੀ ਪੱਤਰ ਪ੍ਰੇਰਕ
ਧੂਰੀ, 11 ਅਗਸਤ
ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਲਾਟਾਂ ਅਤੇ ਹੋਰ ਜਾਇਦਾਦਾਂ ਦੀ ਰਜਿਸਟਰੀ ਕਰਵਾਉਣ ਲਈ ਲਾਗੂ ਕੀਤੇ ਗਏ ਐੱਨਓਸੀ ਦੇ ਸਖ਼ਤ ਨਿਯਮਾਂ ਅਤੇ ਪ੍ਰਾਪਰਟੀ ਦੇ ਕੁਲੈਕਟਰ ਰੇਟਾਂ ’ਚ ਕੀਤੇ ਗਏ ਵਾਧੇ ਨੂੰ ਲੈ ਕੇ ਅੱਜ ਸੂਬੇ ਦੀਆਂ ਸਮੂਹ ਤਹਿਸੀਲਾਂ ਵਿੱਚ ਪ੍ਰਾਪਰਟੀ ਡੀਲਰਾਂ ਅਤੇ ਕਾਲੋਨਾਈਜ਼ਰਾਂ ਵੱਲੋਂ ਲਗਾਏ ਧਰਨੇ ਦਿੱਤੇ ਗਏ। ਇਸੇ ਤਹਿਤ ਅੱਜ ਧੂਰੀ ਤਹਿਸੀਲ ਦਫ਼ਤਰ ਵਿੱਚ ਵੀ ਪ੍ਰਾਪਰਟੀ ਡੀਲਰਾਂ ਵੱਲੋਂ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਪ੍ਰਾਪਰਟੀ ਡੀਲਰਾਂ ਦੇ ਇਸ ਧਰਨੇ ਵਿੱਚ ਤਹਿਸੀਲ ਦੇ ਸਮੂਹ ਅਸ਼ਟਾਮ ਫਰੋਸ਼ਾਂ ਅਤੇ ਅਰਜ਼ੀ ਨਵੀਸਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਅਤੇ ਸਰਕਾਰ ਦੀਆਂ ਨਵੀਆਂ ਨੀਤੀਆਂ ਕਾਰਨ ਠੱਪ ਹੋਏ ਕਾਰੋਬਾਰ ਨੂੰ ਮੁੜ ਚਾਲੂ ਕਰਨ ਲਈ ਨੀਤੀਆਂ ਤੇ ਨਿਯਮਾਂ ’ਚ ਬਦਲਾਅ ਕਰਨ ਦੀ ਮੰਗ ਕੀਤੀ ਗਈ। ਪ੍ਰਾਪਰਟੀ ਡੀਲਰਾਂ ਨੇ ਜਾਇਦਾਦਾਂ ਦੀ ਰਜਿਸਟਰੀ ਲਈ ਲਾਗੂ ਕੀਤੇ ਐੱਨਓਸੀ ਦੇ ਨਿਯਮਾਂ ਨੂੰ ਗਲਤ ਕਰਾਰ ਦਿੱਤਾ। ਇਸ ਦੌਰਾਨ ਤਹਿਸੀਲਦਾਰ ਕੁਲਦੀਪ ਸਿੰਘ ਨੂੰ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ ਸੌਂਪਿਆ ਗਿਆ।