ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਸਤੰਬਰ
ਅੱਜ ਇਥੇ ਮਨਰੇਗਾ ਮਜ਼ਦੂਰਾਂ ਵੱਲੋਂ ਪਿੰਡਾਂ ’ਚ ਕਾਣੀਵੰਡ ਦੇ ਵਿਰੁੱਧ ਬਲਾਕ ਪੰਚਾਇਤ ਅਤੇ ਵਿਕਾਸ ਦਫ਼ਤਰ ਅੱਗੇ ਧਰਨਾ ਦੇ ਰੋਸ ਮੁਜ਼ਾਹਰਾ ਕੀਤਾ । ਇਸ ਧਰਨੇ ਦੀ ਅਗਵਾਈ ਬੀਰਬਲ ਸਿੰਘ ਲੇਹਲ ਕਲਾਂ ਅਤੇ ਸ਼ਿੰਗਾਰਾ ਸਿੰਘ ਨੇ ਕੀਤੀ ਅਤੇ ਧਰਨੇ ’ਚ ਮਨਰੇਗਾ ਮਜ਼ਦੂਰ ਔਰਤਾਂ ਅਤੇ ਮਰਦਾਂ ਨੇ ਸ਼ਿਰਕਤ ਕੀਤੀ। ਇਸ ਧਰਨੇ ਨੂੰ ਆਰ ਸੀ ਪੀ ਐਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਭੀਮ ਸਿੰਘ ਆਲਮਪੁਰ, ਉਦਮ ਸਿੰਘ ਸੰਤੋਖਪੁਰਾ ਅਤੇ ਰਣਜੀਤ ਕੌਰ ਲੇਹਲ ਖੁਰਦ ਨੇ ਕਿਹਾ ਕਿ ਪਿੰਡ ਲੇਹਲ ਕਲਾਂ ਅਤੇ ਲੇਹਲ ਖੁਰਦ ’ਚ ਲੰਬੇ ਸਮੇਂ ਤੋਂ ਨਰੇਗਾ ਅਧੀਨ ਕੀਤੇ ਕੰਮਾਂ ’ਚ ਕਾਣੀਵੰਡ ਕਰਕੇ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰੋਨਾ ਕਰਕੇ ਕੀਤੇ ਲੌਕਡਾਊਨ ਕਰਕੇ ਮਜ਼ਦੂਰਾਂ ਨੂੰ ਆਰਥਿਕ ਨੁਕਸਾਨ ਹੋਣ ਕਰਕੇ ਪਰਿਵਾਰ ਪਾਲਣ ’ਚ ਦਿੱਕਤ ਆ ਰਹੀ ਹੈ। ਧਰਨੇ ’ਚ ਪਿੰਡਾਂ ’ਚ ਬਗੈਰ ਵਿਤਕਰੇ ਤੋਂ ਨਰੇਗਾ ਅਧੀਨ ਸਾਰੇ ਮਜ਼ਦੂਰਾਂ ਨੂੰ ਕੰਮ ਦੇਣ ਅਤੇ ਪੂਰੇ 100 ਦਿਨ ਦਾ ਕੰਮ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਧਰਨਾਕਾਰੀਆਂ ਨੇ ਬੀਡੀਪੀਓ ਗੁਰਨੇਤ ਸਿੰਘ ਜਲਵੇੜਾ ਨੂੰ ਆਪਣਾ ਮੰਗ ਪੱਤਰ ਦਿੱਤਾ। ਬੀਡੀਪੀਓ ਨੇ ਇਸ ਮਸਲੇ ਦੀ ਜਾਂਚ ਕਰਵਾਉਣ ਦੀ ਗੱਲ ਕੀਤੀ।