ਰਮੇਸ਼ ਭਾਰਦਵਾਜ
ਲਹਿਰਾਗਾਗਾ, 1 ਮਈ
ਇਥੇ ਮਾਰਕਫੈਡ ਏਜੰਸੀ ਦੇ ਇੰਸਪੈਕਟਰਾਂ ਵੱਲੋਂ ਕਣਕ ਦੇ ਟਰੱਕ ਲਹਾਉਣ ਦੇ ਨਾਮ ਹੇਠ ਡਰਾਈਵਰਾਂ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਟਰੱਕ ਮਾਲਕਾਂ ਤੇ ਚਾਲਕਾਂ ਨੇ ਇਸ ਏਜੰਸੀ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਟਰੱਕ ਆਪਰੇਟਰ ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੁਮਾਰ ਠੇਕੇਦਾਰ ਅਤੇ ਚਰਨਜੀਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਕ ਰੋਕ ਕੇ ਕਈ- ਕਈ ਦਿਨ ਪ੍ਰੇਸ਼ਾਨ ਕੀਤਾ ਜਾਂਦਾ ਹੈ। ਟਰੱਕਾਂ ਵਿਚ ਝਾਰ ਅਤੇ ਸਿੱਲ ਆਦਿ ਦਾ ਬਹਾਨਾ ਲਾ ਕੇ 2 ਤੋਂ 8 ਗੱਟੇ ਤਕ ਪ੍ਰਤੀ ਟਰੱਕ ਮੰਗੇ ਜਾਂਦੇ ਹਨ ਜਦੋਂਕਿ ਹੋਰ ਕਿਸੇ ਏਜੰਸੀ ਵੱਲੋਂ ਅਜਿਹਾ ਵਰਤਾਰਾ ਨਹੀਂ ਕੀਤਾ ਜਾਂਦਾ। ਸਿਰਫ਼ ਇਹੀ ਏਜੰਸੀ ਤੰਗ ਪ੍ਰੇਸ਼ਾਨ ਕਰਕੇ ਹੁਣ ਤੱਕ ਸੈਂਕੜੇ ਗੱਟੇ ਕਣਕ ਵਸੂਲ ਕਰ ਚੁੱਕੀ ਹੈ।
ਮਾਰਕਫੈੱਡ ਦੇ ਇੰਸਪੈਕਟਰ ਮਿਸ਼ਰਾ ਸਿੰਘ ਨੇ ਇਹ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਏਜੰਸੀ ਵੱਲੋਂ ਕੋਈ ਗੱਟੇ ਨਹੀਂ ਮੰਗੇ ਜਾਂਦੇ ਤੇ ਇਹ ਦੋਸ਼ ਨਿਰਾਧਾਰ ਹਨ। ਇਸ ਮੌਕੇ ਬਿੱਕਰ ਸਿੰਘ ਭੁੱਲਰ, ਸੁਰਿੰਦਰ ਕੁਮਾਰ ਛਿੰਦਾ, ਲਖਵਿੰਦਰ ਸਿੰਘ ਲੱਖੀ, ਘੁਤਰੀ, ਕੁਲਦੀਪ ਸਿੰਘ ਅਤੇ ਮਾਲਕ ਅਤੇ ਆੜ੍ਹਤੀ ਮੌਜੂਦ ਸਨ।