ਪੱਤਰ ਪ੍ਰੇਰਕ
ਲਹਿਰਾਗਾਗਾ, 12 ਨਵੰਬਰ
ਬਹੁਜਨ ਮੁਕਤੀ ਪਾਰਟੀ ਨੇ ਮਾਰਕੀਟ ਕਮੇਟੀ ਦੀ ਅਧਿਕਾਰੀ ਮਨਦੀਪ ਕੌਰ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ। ਇਸ ਤੋਂ ਪਹਿਲਾਂ ਪਾਰਟੀ ਨੇ ਅੱਜ ਕਿਸਾਨ ਅਤੇ ਮਜ਼ਦੂਰਾਂ ਖ਼ਿਲਾਫ਼ ਬਣਾਏ ਕਾਲੇ ਕਾਨੂੰਨ ਅਤੇ ਈਵੀਐਮ ਮਸ਼ੀਨਾਂ ਦੇ ਵਿਰੋਧ ’ਚ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਬਹੁਜਨ ਮੁਕਤੀ ਪਾਰਟੀ ਦੀ ਜ਼ਿਲ੍ਹਾ ਇਕਾਈ ਤੇ ਆਫਸ਼ੂਟ ਵਿੰਗਾਂ ਵੱਲੋਂ ਚੱਕਾ ਜਾਮ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਬਹੁਜਨ ਮੁਕਤੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਨੀਲੋਵਾਲ ਨੇ ਜਾਤੀ ਆਧਾਰਿਤ ਜਨਗਣਨਾ ਕਰਾਉਣ, ਤਿੰਨ ਕਾਲੇ ਕਾਨੂੰਨ ਵਾਪਸ ਲੈਣ, ਈਵੀਐਮ ਦੇ ਨਾਲ ਬੈਲਟ ਪੇਪਰ ਰਾਹੀਂ ਚੋਣਾਂ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਾਤੀ ਆਧਾਰਿਤ ਜਨਗਣਨਾ ਨਾ ਕਰਵਾਉਣ ਕਰਕੇ ਪੱਛੜੇ ਵਰਗ ਦੇ ਸਹੀਂ ਅੰਕੜੇ ਨਹੀਂ ਆਉਣ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ। ਜਿਸ ਕਰਕੇ ਵੱਖ ਵੱਖ ਵਰਗਾਂ ’ਚ ਬੇਚੈਨੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪਿੱਛੜਾ ਵਰਗ ਨੇ ਪੰਜ ਚਰਨਾਂ ’ਚ ਅੰਦੋਲਨ ਤੇ ਭਾਰਤ ਬੰਦ ਦਾ ਸੱਦਾ ਦਿੱਤਾ।