ਨਿੱਜੀ ਪੱਤਰ ਪੇ੍ਰਕ
ਸੰਗਰੂਰ, 19 ਅਗਸਤ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਧੀਨ ਕੇਂਦਰੀ ਸਕੀਮ (ਆਤਮਾ) ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਾਲ 2018 ਤੋਂ ਏਰੀਅਰ ਅਤੇ ਇੰਕਰੀਮੈਂਟ ਨਾ ਮਿਲਣ ਕਾਰਨ ਸਮੂਹ ਆਤਮਾ ਸਟਾਫ ਪੰਜਾਬ ਵਿੱਚ ਰੋਸ ਵਜੋਂ ਕਲਮ ਛੋੜ ਹੜਤਾਲ ਸ਼ੁਰੂ ਕਰਦਿਆਂ ਇਥੇ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਪੰਜਾਬ ਆਤਮਾ ਸਟਾਫ਼ ਐਸੋਸੀਏਸ਼ਨ ਵਲੋਂ 23 ਅਗਸਤ ਨੂੰ ਖੇਤੀ ਭਵਨ ਮੁਹਾਲੀ ਵਿਖੇ ਪੁੱਜ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਆਤਮਾ ਸਟਾਫ ਐਸੋਸੀਏਸਨ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਕੰਮ ਕਰ ਰਹੇ ਆਤਮਾ ਸਟਾਫ ਵੱਲੋਂ ਸਕੀਮ ਦੇ ਕੰਮ ਦੇ ਨਾਲ-ਨਾਲ ਵਿਭਾਗ ਨਾਲ ਸਬੰਧਤ ਹਰੇਕ ਕੰਮ ਵਿੱਚ ਸਹਿਯੋਗ ਕੀਤਾ ਜਾਂਦਾ ਹੈ ਪਰੰਤੂ ਇਸ ਦੇ ਬਾਵਜੂਦ ਆਤਮਾ ਸਟਾਫ਼ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸਕੀਮ ਅਧੀਨ ਸਟਾਫ਼ ਦੀਆਂ ਮੰਗਾਂ ਜਿਵੇਂ ਬਕਾਇਆ, ਇੰਕਰੀਮੈਂਟ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਆਦਿ ਮੰਗਾਂ ਲਟਕ ਰਹੀਆਂ ਹਨ। ਸੰਨ 2018 ਤੋਂ ਕੰਮ ਕਰਦੇ ਸਟਾਫ਼ ਨੂੰ ਨਾ ਤਾਂ ਏਰੀਅਰ ਅਤੇ ਨਾ ਹੀ ਇੰਕਰੀਮੈਂਟ ਦਿੱਤਾ ਗਿਆ ਹੈ ਜਿਸ ਕਾਰਨ ਸੰਘਰਸ਼ ਦੇ ਰਾਹ ਪੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 20 ਅਗਸਤ ਤੱਕ ਕਲਮ ਛੋੜ ਹੜਤਾਲ ਜਾਰੀ ਰਹੇਗੀ ਅਤੇ ਪੰਜਾਬ ਆਤਮਾ ਸਟਾਫ਼ ਐਸੋਸੀਏਸ਼ਨ ਵਲੋਂ 23 ਅਗਸਤ ਨੂੰ ਖੇਤੀ ਭਵਨ ਮੁਹਾਲੀ ਵਿਖੇ ਸੂਬਾ ਪੱਧਰੀ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸੂਬਾ ਮੀਤ ਪ੍ਰਧਾਨ ਗਗਨਦੀਪ ਸਿੰਘ ਨੇ ਕਿਹਾ ਕਿ ਜੇ ਸੂਬਾ ਕਮੇਟੀ ਵੱਲੋਂ ਕਲਮ ਛੋੜ ਹੜਤਾਲ ਨੂੰ ਅੱਗੇ ਵਧਾਉਣ ਸਬੰਧੀ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਇਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਜੇਕਰ ਫ਼ਿਰ ਵੀ ਹੱਕੀ ਤੇ ਜਾਇਜ਼ ਮੰਗਾਂ ਦਾ ਕੋਈ ਨਿਪਟਾਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰੋਸ ਧਰਨੇ ਵਿਚ ਆਤਮਾ ਸਟਾਫ ਜ਼ਿਲ੍ਹਾ ਸੰਗਰੂਰ ਦੇ ਸਮੂਹ ਕਰਮਚਾਰੀਆਂ ਨੇ ਰੋਸ ਧਰਨੇ ’ਚ ਸ਼ਮੂਲੀਅਤ ਕੀਤੀ।