ਹਰਦੀਪ ਸਿੰਘ ਸੋਢੀ
ਧੂਰੀ, 2 ਸਤੰਬਰ
ਸੰਗਰੂਰ ਇੰਡਸਟਰੀ ਚੈਬਰ ਆਫ ਕਾਮਰਸ ਵੱਲੋਂ ਧੂਰੀ ਦੇ ਕਾਰਜਸਾਧਕ ਅਫਸਰ ਵਿਰੁੱਧ ਧਰਨਾ ਲਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਚੈਬਰ ਦੇ ਜ਼ਿਲ੍ਹਾ ਸਕੱਤਰ ਅਮਿਤ ਗਰਗ ਨੇ ਕਿਹਾ ਉਹ ਜਦੋਂ ਅਪਣੇ ਕੰਮਾਂ ਲਈ ਧੂਰੀ ਨਗਰ ਕੌਂਸਲ ਆਉਂਦੇ ਹਨ ਤੇ ਕਾਰਜਸਾਧਕ ਅਫਸਰ ਨੂੰ ਮਿਲਦੇ ਹਨ ਤਾਂ ਉਹ ਉਨ੍ਹਾਂ ਦੇ ਜਾਇਜ਼ ਕੰਮਾਂ ਨੂੰ ਕਰਨ ਦੀ ਥਾਂ ਉਨ੍ਹਾਂ ਨਾਲ ਠੀਕ ਤਰੀਕੇ ਨਾਲ ਗੱਲਬਾਤ ਨਹੀਂ ਕਰਦਾ। ਕਾਰਜਸਾਧਕ ਦੇ ਇਸ ਮਾੜੇ ਵਤੀਰੇ ਦੇ ਰੋਸ ਕਾਰਨ ਉਨ੍ਹਾਂ ਧਰਨਾ ਲਾਇਆ ਹੈ। ਇਹ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ ਜਦੋ ਤੱਕ ਪੰਜਾਬ ਸਰਕਾਰ ਇਸ ਅਫਸਰ ਦੀ ਬਦਲੀ ਨਹੀਂ ਕਰਦੀ। ਇਸ ਮੌਕੇ ਚੈਬਰ ਆਫ ਕਾਮਰਸ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਧੂਰੀ ਦੇ ਕਾਰਜ ਸਾਧਕ ਅਫਸਰ ਦੀਆਂ ਪਹਿਲਾਂ ਵੀ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਸਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਸ ਅਫਸਰ ਦੀ ਬਦਲੀ ਕਰੇ। ਇਸ ਸਬੰਧੀ ਕਾਰਜ ਸਾਧਕ ਅਫਸਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਉਹ ਹਰ ਸ਼ਹਿਰ ਵਾਸੀ ਦਾ ਸਨਮਾਨ ਕਰਦੇ ਹਨ ਤੇ ਕਰਦੇ ਰਹਿਣਗੇ।