ਰਮੇਸ਼ ਭਾਰਦਵਾਜ
ਲਹਿਰਾਗਾਗਾ, 7 ਜੂਨ
ਪਿੰਡ ਆਲਮਪੁਰ ਦੇ ਨਰੇਗਾ ਮਜ਼ਦੂੁਰ ਜੰਗੀਰ ਕੌਰ, ਮਹਿੰਦਰ ਕੌਰ ਅਤੇ ਗੁਰਜੰਟ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕਈ ਮਹੀਨਿਆਂ ਤੋਂ ਕੀਤੇ ਕੰਮ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਅਤੇ ਉਨ੍ਹਾਂ ਦੀ ਹਾਜ਼ਰੀ ਜਾਬ ਕਾਰਡ ’ਤੇ ਲਾਉਣ ਦੀ ਬਜਾਏ ਕੱਚੀ ਕਾਪੀ ’ਚ ਲਾ ਕੇ ਢੰਗ ਟਪਾਇਆ ਅਤੇ ਜਿਹੜੇ ਲੋਕ ਕਦੇ ਦਿਹਾੜੀ ’ਤੇ ਨਹੀਂ ਗਏ ਉਨ੍ਹਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ। ਉਨ੍ਹਾਂ ਪਿੰਡ ਦੀ ਸਰਪੰਚ ਹਮੀਰ ਕੌਰ ’ਤੇ ਕਥਿਤ ਐਸਸੀ ਸ਼੍ਰੇਣੀ ’ਚ ਆਪਣੇ ਬੇਟੇ ਅਤੇ ਨੂੰਹ ਜਾਬ ਕਾਰਡ ਬਣਾਉਣ ਦਾ ਦੋਸ਼ ਲਾਇਆ। ਸਾਬਕਾ ਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਜਾਬ ਕਾਰਡ ’ਤੇ ਪਿੰਡ ਦੀ ਸਰਪੰਚ ਦੇ ਲੜਕੇ ਤੇ ਨੂੰਹ ਨੇ ਮੀਡੀਆ ਨੂੰ ਜਾਬ ਕਾਰਡ ਦੀ ਫੋਟੋ ਵੀ ਦਿਖਾਈ। ਸਰਪੰਚ ਹਮੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਹੋ ਸਕਦਾ ਕੰਪਿਉੂਟਰ ਦੀ ਗਲਤੀ ਹੋਵੇ। ਪੰਚਾਇਤ ਸਮਿਤੀ ਦੇ ਏਪੀਓ ਸੁਖਜਿੰਦਰ ਸਿੰਘ ਨੇ ਕਿਹਾ ਕਿ ਮਜ਼ਦੂਰ ਪੈਸਿਆਂ ਨੂੰ ਲੈ ਕੇ ਉਨ੍ਹਾਂ ਨੂੰ ਮਿਲੇ ਸਨ ਜਿਨ੍ਹਾਂ ਦੀ ਤਸੱਲੀ ਕਰਵਾ ਦਿੱਤੀ ਸੀ ਅਤੇ ਜੇ ਕਿਸੇ ਮਜ਼ਦੂਰ ਦੇ ਪੈਸੇ ਖਾਤੇ ’ਚ ਨਹੀਂ ਪਏ ਤਾਂ ਉਹ ਆ ਕੇ ਉਨ੍ਹਾਂ ਨੂੰ ਮਿਲ ਸਕਦੇ ਹਨ। ਐੱਸਸੀ ਕਮਿਸਨ ਦੀ ਮੈਂਬਰ ਪੂਨਮ ਕਾਗੜਾ ਨੇ ਕਿਹਾ ਕਿ ਉਹ ਮਸਲੇ ਦੀ ਜਾਂਚ ਕਰਵਾਉਣਗੇ ਕਿ ਜਰਨਲ ਕੋਟੇ ਦੀ ਸਰਪੰਚ ਦੇ ਪਰਿਵਾਰਕ ਮੈਂਬਰਾਂ ਦੇ ਕਾਰਡ ਕਿਵੇਂ ਬਣਿਆ। ਦੂਜੇ ਪਾਸੇ ਡੀਡੀਪੀਓ ਸੰਗਰੂਰ ਨਰਭਿੰਦਰ ਸਿੰਘ ਦਾ ਕਹਿਣਾ ਹੈ ਕਿ ਮਨਰੇਗਾ ਵਿੱਚ ਹਰ ਕੋਈ ਕੰਮ ਕਰ ਸਕਦਾ ਹੈ ਪਰ ਜੋ ਮਾਮਲਾ ਪੰਚਾਇਤ ਵੱਲੋਂ ਪੇਸ਼ ਕੀਤਾ ਗਿਆ ਹੈ ਤਾਂ ਇਸ ਨੂੰ ਦੇਖਿਆ ਜਾਵੇਗਾ। ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਉਪ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਇਸ ਮਾਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਨੂੰ ਸਜ਼ਾ ਅਤੇ ਮਜ਼ਦੂਰਾਂ ਨੂੰ ਕੀਤੇ ਕੰਮਾਂ ਦੀ ਅਦਾਇਗੀ ਤੁਰੰਤ ਖਾਤਿਆਂ ’ਚ ਪਾਉਣ ਦੀ ਮੰਗ ਕੀਤੀ ਹੈ।