ਪੱਤਰ ਪ੍ਰੇਰਕ
ਲਹਿਰਾਗਾਗਾ, 13 ਅਕਤੂਬਰ
ਇਥੇ ਪੁਰਾਣੀ ਅਨਾਜ ਮੰਡੀ ਵਿੱਚ ਝੋਨੇ ਤੇ ਨਰਮੇ ਦੀ ਫਸਲ ਆਉਣੀ ਸ਼ੁਰੂ ਹੋ ਚੁੱਕੀ ਹੈ ਪਰ ਮੁੱਖ ਮੰਦਰ ਕੋਲ ਬਣੇ ਪਿਸ਼ਾਬਘਰਾਂ ਨੇੜੇ ਕੂੜੇ ਦਾ ਆਰਜ਼ੀ ਡੰਪ ਬਣਿਆ ਹੋਇਆ ਹੈ। ਜਿੱਥੇ ਹਰ ਸਮੇਂ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਇਸ ਨੂੰ ਲੈ ਕੇ ਆੜ੍ਹਤੀ ਪ੍ਰਮੋਦ ਕੁਮਾਰ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੂਬਾ ਸਕੱਤਰ ਅਜੇ ਕੁਮਾਰ ਠੁੱਲ੍ਹੀ ਤੇ ਰਜਿੰਦਰ ਕੁਮਾਰ ਠੋਲੂ ਆਦਿ ਦੁਕਾਨਦਾਰਾਂ ਨੇ ਰੋਸ ਵਿਖਾਵਾ ਕੀਤਾ। ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਇਹ ਡੰਪ ਮੰਦਰ ਤੋਂ 25-30 ਫੁੱਟ ’ਤੇ ਹੈ। ਜਿੱਥੇ ਇਨ੍ਹਾਂ ਕੂੜੇ ਦੇ ਢੇਰਾਂ ਕਾਰਨ ਬਦਬੂ ਫੈਲ ਰਹੀ ਹੈ, ਉਥੇ ਇਹ ਗੰਦਗੀ ਝੋਨੇ ਦੀਆਂ ਢੇਰੀਆਂ ਵਿੱਚ ਰਲ ਜਾਂਦੀ ਹੈ। ਜਿਸ ਦੀ ਸਫ਼ਾਈ ਕਰਨ ਤੋਂ ਲੇਬਰ ਵੀ ਆਨਾਕਾਨੀ ਕਰਦੀ ਹੈ। ਇਸਦੇ ਨਾਲ ਹੀ ਪਿਸ਼ਾਬ ਘਰ ਬਣੇ ਹੋਏ ਹਨ ਜਿਸ ਕਾਰਨ ਇਥੋਂ ਲੰਘਣਾ ਮੁਸ਼ਕਲ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕੀ ਇਹ ਕੂੜੇ ਦਾ ਡੰਪ ਝੋਨੇ ਦੇ ਸੀਜ਼ਨ ਕਾਰਨ ਇਥੋਂ ਬੰਦ ਕਰਕੇ ਬਾਹਰ ਹੋਰ ਬਣੇ ਡੰਪਾਂ ਤੇ ਹੀ ਕੂੜਾ ਸੁੱਟਿਆ ਜਾਵੇ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਕਿਹਾ ਕਿ ਇਹ ਡੰਪ ਝੋਨੇ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਬੰਦ ਕਰਵਾਇਆ ਜਾਵੇਗਾ। ਕਿਸੇ ਵੀ ਦੁਕਾਨਦਾਰ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਵੀ ਜਿੰਦਲ ਨੇ ਦੱਸਿਆ ਕਿ ਵਿਭਾਗ ਅੱਜ ਹੀ ਪੂਰੀ ਸਾਫ ਸਫ਼ਾਈ ਦਾ ਪੱਕਾ ਪ੍ਰਬੰਧ ਕਰੇਗਾ।