ਰਾਜਿੰਦਰ ਜੈਦਕਾ
ਅਮਰਗੜ੍ਹ, 21 ਫਰਵਰੀ
ਟੌਲ ਪਲਾਜ਼ਾ ਮਾਹੋਰਾਣਾ ਵਿੱਚ ਕਿਸਾਨਾਂ ਵੱਲੋਂ ਲਗਾਏ ਜਾ ਰਹੇ ਧਰਨੇ ਦੇ 135ਵੇਂ ਦਿਨ ਸੰਬੋਧਨ ਕਰਦਿਆਂ ਨਰਿੰਦਰਜੀਤ ਸਿੰਘ ਸਲਾਰ ਨੇ ਕਿਹਾ ਕਿ ਹੁਣ ਮੋਦੀ ਸਰਕਾਰ ਕਿਸਾਨਾਂ ਦਾ ਕਚੂੰਬਰ ਕੱਢਣ ’ਤੇ ਤੁਲੀ ਹੋਈ ਹੈ। ਦਿਨੋਂ-ਦਿਨ ਡੀਜ਼ਲ, ਪੈਟਰੋਲ ਤੇ ਗੈਸ ਦੇ ਵਧਦੇ ਰੇਟ ਕਿਸਾਨੀ ਨੂੰ ਬਰਬਾਦ ਕਰ ਕੇ ਰੱਖ ਦੇਣਗੇ। ਹਰ ਸਾਲ ਖਾਦਾਂ, ਕੀੜੇਮਾਰ ਦਵਾਈਆਂ, ਡੀਜ਼ਲ ਤੇ ਬੀਜਾਂ ਦੇ ਰੇਟਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ ਪਰ ਖੇਤੀ ਜਿਣਸਾਂ ਦੇ ਰੇਟ ਥਾਈਂ ਖੜ੍ਹੇ ਹਨ। ਭਾਜਪਾ ਤੇ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਦੋਸ਼ ਬਰਬਾਦੀ ਕੰਢੇ ਖੜ੍ਹਾ ਹੈ। ਕੇੇਂਦਰ ਸਰਕਾਰ ਦੇ ਅਮੰਗੇ ਖੇਤੀ ਕਾਨੂੰਨ ਗੈਰ-ਸੰਵਿਧਾਨਿਕ ਤੇ ਦੇਸ਼ ਦੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਮੂੰਹ ਵਿਚ ਧੱਕਣ ਵਾਲੇ ਹਨ।
ਉਨ੍ਹਾਂ ਕਿਹਾ ਕਿ ਮੁਲਾਜ਼ਮ, ਮਜ਼ਦੂਰ, ਕਿਸਾਨ, ਦੁਕਾਨਦਾਰ ਤੇ ਹੋਰ ਕਾਰੋਬਾਰੀ ਸਰਕਾਰਾਂ ਦੀ ਬੇਰੁਖੀ ਤੋਂ ਦੁਖੀ ਹਨ। ਬੇਰੁਜ਼ਗਾਰੀ ਦਿਨੋਂ ਦਿਨ ਵਧ ਰਹੀ ਹੈ। ਆਬਾਦੀ ’ਤੇ ਕੋਈ ਕੰਟਰੋਲ ਨਹੀਂ। ਲੰਬੇ ਸਮੇਂ ਤੋਂ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ’ਤੇ ਧਰਨੇ ਲਾਈ ਬੈਠੇ ਹਨ ਪਰ ਭਾਜਪਾ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਮੋਦੀ ਸਰਕਾਰ ਕਿਸਾਨਾਂ ਦੇ ਹੌਸਲੇ ਦਾ ਇਮਤਿਹਾਨ ਲੈ ਰਹੀ ਹੈ ਪਰ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸਾਨ ਧਰਨਿਆਂ ’ਤੇ ਬੈਠੇ ਰਹਿਣਗੇ ਅਤੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਦੇ ਰਹਿਣਗੇ। ਇਸ ਮੌਕੇ ਮੇਜਰ ਸਿੰਘ ਬਨਭੌਰਾ, ਨੇਤਰ ਸਿੰਘ ਬਾਠਾਂ, ਰਾਜਿੰਦਰ ਸਿੰਘ ਸਲਾਰ, ਮਨਜੀਤ ਸਿੰਘ ਭੁੱਲਰਾ, ਸੁਖਵੰਤ ਸਿੰਘ ਨੇ ਤੇਲ ਦੀਆਂ ਕੀਮਤਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।
ਆਮ ਲੋਕਾਂ ’ਤੇ ਜ਼ੁਲਮ ਕਰ ਰਹੀ ਹੈ ਮੋਦੀ ਸਰਕਾਰ: ‘ਆਪ’
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਆਮ ਆਦਮੀ ਪਾਰਟੀ ਸਮੇਤ ਯੂਥ ਸਮਾਜ ਸੇਵਾ ਕਲੱਬ ਪਟਿਆਲਾ ਦੇ ਨੌਜਵਾਨਾਂ ਨੇ ਰਸੋਈ ਗੈਸ ਤੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਵਿਰੁੱਧ ਪਟਿਆਲਾ ਦੇ ਬੱਸ ਸਟੈਂਡ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਪ੍ਰਧਾਨ ਸੰਨੀ ਕੁਮਾਰ ਡਾਬੀ ਅਤੇ ਮੀਤ ਪ੍ਰਧਾਨ ਲੱਕੀ ਪਟਿਆਲਵੀ ਦੀ ਅਗਵਾਈ ’ਚ ਵੱਡੀ ਗਿਣਤੀ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਵਿੱਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਅਤੇ ਸੰਦੀਪ ਬੰਧੂ ਵੀ ਮੌਜੂਦ ਸਨ। ਸ੍ਰੀ ਗੋਗੀਆ ਤੇ ਸ੍ਰੀ ਬੰਧੂ ਨੇ ਕਿਹਾ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ, ਸਬਜ਼ੀਆਂ ਅਤੇ ਖਾਣ-ਪੀਣ ਦੀਆਂ ਹੋਰ ਵਸਤਾਂ ਦੇ ਰੇਟ ਰੋਜ਼ਾਨਾ ਵਧ ਰਹੇ ਹਨ, ਜਿਸ ਤੋਂ ਆਮ ਆਦਮੀ ਪ੍ਰੇਸ਼ਾਨ ਹੈ। ਵਧ ਰਹੀ ਮਹਿੰਗਾਈ ਨੇ ਔਰਤਾਂ ਦੀ ਰਸੋਈ ਦਾ ਬਜਟ ਵੀ ਵਿਗਾੜ ਕੇ ਰੱਖ ਦਿੱਤਾ ਹੈ ਅਤੇ ਮਹਿੰਗਾਈ ਨੇ ਆਮ ਆਦਮੀ ਦੀ ਜੇਬ ’ਤੇ ਡਾਕਾ ਮਾਰਿਆ ਹੈ। ਪੈਟਰੋਲ, ਡੀਜ਼ਲ ਮਹਿੰਗਾ ਹੋਣ ਕਾਰਨ ਟਰਾਂਸਪੋਰਟ ਮਹਿੰਗੀ ਹੋ ਗਈ ਜਿਸ ਨਾਲ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਦਾ ਸਿੱਧਾ ਅਸਰ ਗ਼ਰੀਬ ਆਦਮੀ ਉੱਤੇ ਪਵੇਗਾ। ਇਸ ਮੌਕੇ ਵਰਿੰਦਰ ਗੌਤਮ ਸਾਬਕਾ ਜਰਨਲ ਸਕੱਤਰ ਜ਼ਿਲ੍ਹਾ ਯੂਥ ਵਿੰਗ, ਵਰਿੰਦਰ ਸਿੰਘ, ਗੋਲੂ ਰਾਜਪੂਤ ਤੇ ਲੱਕੀ ਪਟਿਆਲਵੀ ਆਦਿ ਵੀ ਹਾਜ਼ਰ ਸਨ।