ਪੱਤਰ ਪ੍ਰੇਰਕ
ਲਹਿਰਾਗਾਗਾ, 24 ਮਾਰਚ
ਇਥੇ ਗਾਗਾ ਕੈਂਚੀਆਂ ’ਚ ਬਾਬਾ ਹੀਰਾ ਸਿੰਘ ਭੱਠਲ ਕਾਲਜ ਅੱਗੇ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਪੁਸ਼ਪਿੰਦਰ ਗੁਰੂ ਦੀ ਅਗਵਾਈ ’ਚ ਕਾਰਕੁਨਾਂ ਨੇ ਦਿਨ ਪ੍ਰਤੀ ਦਿਨ ਵਧ ਰਹੀਆਂ ਪੈਟਰੋਲ, ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕੇਂਦਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮਾਰਚ ਵੀ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਵਧ ਰਹੀਆਂ ਹਨ, ਜਿਸ ਕਰਕੇ ਆਮ ਲੋਕਾਂ ਦਾ ਜਿਊਣਾ ਔਖਾ ਹੋ ਰਿਹਾ ਹੈ। ਕਰੋਨਾ ਕਾਰਨ ਆਮ ਲੋਕਾਂ ਦਾ ਕੰਮਕਾਰ ਪਹਿਲਾਂ ਹੀ ਬੰਦ ਹੋਣ ਕੰਢੇ ਹੈ ਤੇ ਕਈਆਂ ਦਾ ਰੁਜ਼ਗਾਰ ਖੁੱਸ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਪੈਟਰੋਲ ਡੀਜ਼ਲ ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਇਸ ਮੌਕੇ ਵਿਧਾਨ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਰਵੀ ਡਸਕਾ, ਸਰਪੰਚ ਪਿੰਡ ਗਾਗਾ ਰਾਜਿੰਦਰ ਸਿੰਘ , ਸੁਖਚੈਨ ਸਿੰਘ ਸਿੱਧੂ, ਜਸਬੀਰ ਚੰਗਾਲੀਵਾਲਾ, ਦਿਲਵਰ ਗੋਬਿੰਦਗੜ੍ਹ, ਗੋਲਡੀ ਗੰਢੂਆਂ, ਲਾਡੀ ਗੰਢੂਆਂ, ਪੰਚ ਜਸਬੀਰ ਗਾਗਾ, ਸ਼ਿਵਜੀ ਸੰਗਤਪੁਰਾ ਮੈਂਬਰ ਬਲਾਕ ਸਮਿਤੀ, ਸਨੀ ਨੰਗਲਾ ਆਦਿ ਨੇ ਵੀ ਸੰਬੋਧਨ ਕੀਤਾ।