ਬੀਰਬਲ ਰਿਸ਼ੀ
ਸ਼ੇਰਪੁਰ, 19 ਜਨਵਰੀ
ਪਿੰਡ ਘਨੌਰੀ ਕਲਾਂ ਵਿੱਚ ਪਿੰਡ ਦੀ ਫਿਰਨੀ ਦੀਆਂ ਟੁੱਟੀਆਂ ਕਈ ਪੁਲੀਆਂ ਨਵੀਆਂ ਬਣਾਏ ਜਾਣ ਦਾ ਕੰਮ ਸ਼ੁਰੂ ਹੁੰਦਿਆਂ ਹੀ ਵਿਵਾਦਾਂ ਵਿੱਚ ਘਿਰ ਗਿਆ। ਇਸ ਮੌਕੇ ਪਿੰਡ ਵਾਸੀਆਂ ਤੇ ਕਿਰਤੀ ਕਿਸਾਨ ਯੂਨੀਅਨ ਨੇ ਸ਼ੇਰਪੁਰ-ਧੂਰੀ ਮੁੱਖ ਮਾਰਗ ਤੋਂ ਪਿੰਡ ਦੇ ਆਰੇ ਨਜ਼ਦੀਕ ਬਣਾਈ ਪਹਿਲੀ ਪੁਲੀ ’ਤੇ ਪਾਈ ਸਲੈਬ ਨੂੰ ਨਿਰਧਾਰਤ ਮਾਪਦੰਡਾਂ ਅਨੁਸਾਰ ਸਹੀ ਨਾ ਹੋਣ ਦੇ ਗੰਭੀਰ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ।
ਅੱਜ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਘਨੌਰੀ ਅਤੇ ਯੂਥ ਆਗੂ ਲਖਵੀਰ ਸਿੰਘ ਲੱਖਾ ਨੇ ਦਾਅਵਾ ਕੀਤਾ ਕਿ ਜਿਹੜੀ ਸਲੈਬ ਪਾਈ ਹੈ, ਉਹ ਬਹੁਤ ਪਤਲੀ ਹੈ, ਨਿਰਧਾਰਤ ਮਾਪਦੰਡਾਂ ’ਤੇ ਸਹੀ ਨਹੀਂ ਕਿਉਂਕਿ ਇਸ ਪੁਲੀ ਲਈ ਆਇਆ ਕਾਫ਼ੀ ਸਾਮਾਨ ਵਾਪਸ ਚੁੱਕ ਕੇ ਲੈ ਗਏ। ਆਗੂਆਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੁਲੀ ’ਤੇ ਸੀਮਿੰਟ ਬਜਰੀ ਪਾਏ ਜਾਣ ਮੌਕੇ ਸਰੀਏ ਦਾ ਜਾਲ ਵੀ ਨਹੀਂ ਬੰਨ੍ਹਿਆ ਗਿਆ, ਸਗੋਂ ਉਂਜ ਹੀ ਸਰੀਆ ਲਗਾ ਦਿੱਤਾ ਗਿਆ, ਜਦੋਂ ਕਿ ਇਸਦੇ ਹੇਠਾਂ ਢੂਲੇ ਦਾ ਸਾਮਾਨ ਲਿਆਉਣ ਦੀ ਥਾਂ ਲੱਕੜ ਦੀਆਂ ਖਲਪਾੜਾ ਲਾ ਕੇ ਡੰਗ ਟਪਾਈ ਕੀਤੀ ਗਈ ਹੈ।ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਮੰਡੀ ਬੋਰਡ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਦੇ ਮਾਪਦੰਡਾਂ ਅਨੁਸਾਰ ਪੁਲੀ ਸਹੀ ਨਾ ਬਣਾਈ ਗਈ ਤਾਂ ਉਹ ਸੰਘਰਸ਼ ਦੇ ਰਾਹ ਪੈਣਗੇ।
ਲੋਕਾਂ ਦੀ ਤਸੱਲੀ ਕਰਵਾਈ ਜਾਵੇਗੀ: ਜੇਈ
ਪੰਜਾਬ ਮੰਡੀ ਬੋਰਡ ਦੇ ਜੇਈ ਇਕਬਾਲ ਸਿੰਘ ਨੇ ਦੱਸਿਆ ਕਿ ਕਰੋਨਾ ਕਾਰਨ ਉਹ ਇਕਾਂਤਵਾਸ ਸਨ ਪਰ ਉਨ੍ਹਾਂ ਸਬੰਧਤ ਠੇਕੇਦਾਰ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਵਿਭਾਗ ਦੇ ਮਾਪਦੰਡਾਂ ਅਨੁਸਾਰ ਪੁਲੀ ਦਾ ਮਟੀਰੀਅਲ ਸਹੀ ਨਾ ਹੋਇਆ ਤਾਂ ਪੁਲੀ ਦੁਬਾਰਾ ਬਣਾਈ ਜਾਵੇਗੀ। ਉਂਜ ਉਹ ਸਾਰੇ ਮਾਮਲੇ ਨੂੰ ਜਾਚਣ ਲਈ ਮੌਕੇ ’ਤੇ ਆਪਣੀ ਟੀਮ ਭੇਜ ਰਹੇ ਹਨ।