ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਮਾਰਚ
ਅੱਜ ਇਥੇ ਸਬ ਡਿਵੀਜ਼ਨ ਦੇ ਲੋਕਾਂ ਲਈ ਸੇਵਾ ਕੇਂਦਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਦਰਸ਼ਨ ਸਿੰਘ ਕੋਟੜਾ ਦੀ ਅਗਵਾਈ ’ਚ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਸੇਵਾ ਕੇਂਦਰ ਵੱਲੋਂ ਲੋਕਾਂ ਦੀ ਕਥਿੱਤ ਲੁੱਟ ਕਰਨ ਅਤੇ ਖੱਜਲ ਖੁਆਰੀ ਕਰਨ ਦੇ ਦੋਸ਼ ਲਾਏ। ਇਸ ਧਰਨੇ ’ਚ ਵਿਦਿਆਰਥਣ ਨਵਪ੍ਰੀਤ ਕੌਰ ਕੋਟੜਾ ਲਹਿਲ ਨੇ ਦੱਸਿਆ ਕਿ ਉਸ ਨੇ ਆਪਣੇ ਆਧਾਰ ਕਾਰਡ ਵਿੱਚ ਦਰੁਸਤੀ ਕਰਵਾਉਣ ਲਈ ਕਈ ਚੱਕਰ ਲਾਏ ਹਨ ਪਰ ਉਸ ਨੂੰ ਜਾਣ ਬੁੱਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਜਿਸ ਕਰਕੇ ਮਸਲਾ ਜਥੇਬੰਦੀ ਦੇ ਧਿਆਨ ’ਚ ਲਿਆਂਦਾ ਹੈ। ਉਧਰ ਸੇਵਾ ਕੇਂਦਰ ਦੀ ਇੰਚਾਰਜ ਛਿੰਦਰਪਾਲ ਕੌਰ ਨੇ ਦੱਸਿਆ ਕਿ ਨਵਪ੍ਰੀਤ ਕੌਰ ਦੇ ਕਾਗਜ਼ ਪੱਤਰ ਅਧੂਰੇ ਸਨ ਅਤੇ ਠੀਕ ਕਰਾਉਣ ਮਗਰੋਂ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਾ ਹੀ ਕਿਸੇ ਨੂੰ ਖਪਤਕਾਰ ਨੂੰ ਖੱਜਲ ਖੁਆਰ ਕੀਤਾ ਹੈ ਜਾਂਦਾ ਹੈ ਨਾ ਹੀ ਸਾਡੇ ਮੁਲਾਜ਼ਮਾਂ ਦੀ ਅਜਿਹੀ ਮਨਸ਼ਾ ਹੈ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਵੱਲੋਂ ਸਰਕਾਰ ਵੱਲੋਂ ਤੈਅਸ਼ੁਦਾ ਫੀਸ ਹੀ ਕਿਸੇ ਤੋਂ ਤੈਅ ਫੀਸ ਤੋਂ ਜ਼ਿਆਦਾ ਪੈਸੇ ਨਹੀਂ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿ ਕਾਗਜ਼ ਪੂਰੇ ਕਰਕੇ ਲਿਆਉਣਾ ਖਪਤਕਾਰ ਦਾ ਕੰਮ ਹੈ ਅਤੇ ਪੂਰੇ ਕਾਗਜ਼ਾਂ ਵਾਲੇ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਂਦਾ ਹੈ।