ਖੇਤਰੀ ਪ੍ਰਤੀਨਿਧ
ਧੂਰੀ, 5 ਅਗਸਤ
ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਧੂਰੀ ਵੱਲੋਂ ਪ੍ਰਧਾਨਗੀ ਮੰਡਲ ’ਚ ਸ਼ਾਮਲ ਚੇਅਰਮੈਨ ਪੂਰਨ ਰਾਮ, ਪ੍ਰਧਾਨ ਜਗਦੀਸ਼ ਸ਼ਰਮਾ, ਹਰਜਿੰਦਰ ਸਿੰਘ, ਜਸਪਾਲ ਸਿੰਘ ਭੱਟੀ ਅਤੇ ਪ੍ਰੋਫੈਸਰ ਮਦਨ ਲਾਲ ਦੀ ਅਗਵਾਈ ਹੇਠ ਕੇਂਦਰ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕਤੇ ਸੀਨੀਅਰ ਸਿਟੀਜ਼ਨ ਦੀਆਂ ਰੇਲਵੇ ਸਫ਼ਰ ਸਹੂਲਤਾਂ ਵਾਪਸ ਲੈਣ, ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰਨ, ਦੁੱਧ, ਦਹੀ, ਮੱਖਣ, ਦਾਲਾਂ, ਆਟਾ, ਪਨੀਰ, ਕਣਕ ਆਦਿ ਉਪਰ ਟੈਕਸ ਲਗਾ ਕੇ ਗਰੀਬਾਂ ਅਤੇ ਮੱਧਵਰਗ ਦੇ ਖਪਤਕਾਰਾਂ ਨੂੰ ਉਨ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਕਰਨ ਦੇ ਰੋਸ ਵਜੋਂ ਨਗਰ ਕੌਂਸਲ ਪਾਰਕ ਧੂਰੀ ਵਿੱਚ ਵਿਸ਼ਾਲ ਰੈਲੀ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਿਨੀਅਰ ਸਿਟੀਜ਼ਨਾਂ ਨੇ ਬਾਜ਼ਾਰਾਂ ਵਿੱਚੋਂ ਰੋਸ ਮੁਜ਼ਾਹਰਾ ਕਰਦਿਆਂ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਗਦੀਸ਼ ਸ਼ਰਮਾ, ਜਨਰਲ ਸਕੱਤਰ ਸਰਬਜੀਤ ਸਿੰਘ ਰਾਜੋਮਾਜਰਾ ਅਤੇ ਤਰਸੇਮ ਮਿੱਤਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਸਹੂਲਤ ਦੇਣ ਦੀ ਬਜਾਏ ਉਨ੍ਹਾਂ ਨੂੰ ਦਿੱਤੀਆਂ ਸਹੂਲਤਾਂ ਖੋਹ ਕੇ ਅਪਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਟੈਕਸ ਘਟਾ ਕੇ ਮਹਿੰਗਾਈ ਨੂੰ ਰੋਕਿਆ ਜਾਵੇ, ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਸਸਤੀਆਂ ਕੀਤੀਆਂ ਜਾਣ।