ਪੱਤਰ ਪ੍ਰੇਰਕ
ਲਹਿਰਾਗਾਗਾ, 30 ਮਈ
ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਬਲਾਕ ਲਹਿਰਾਗਾਗਾ ਵੱਲੋਂ ਛੱਜੂ ਰਾਮ ਸ਼ਰਮਾ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਧਰਨਾ ਬੀਤੇ ਕਈ ਦਿਨਾਂ ਤੋਂ ਹੜਤਾਲ ਕਰ ਰਹੇ ਸਫ਼ਾਈ ਕਰਮੀਆਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਦਿੱਤਾ ਗਿਆ ਜਿਸ ਵਿੱਚ ਨਗਰ ਕੌਂਸਲ, ਲਹਿਰਾਗਾਗਾ ਦੇ ਕਾਰਜਸਾਧਕ ਅਫਸਰ ਦੇ ਮੁਲਾਜ਼ਮਾਂ ਪ੍ਰਤੀ ਹੈਂਕੜਬਾਜ਼ ਰਵੱਈਏ ਦੀ ਸਖ਼ਤ ਨਿੰਦਾ ਕੀਤੀ ਗਈ। ਜਥੇਬੰਦੀਆਂ ਨੇ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ਦੀ ਡਟ ਕੇ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਰੋਸ ਮੁਜ਼ਾਹਰੇ ਨੂੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਚੰਗਾਲੀਵਾਲਾ, ਟਰੇਡ ਯੂਨੀਅਨ ਦੇ ਬਲਾਕ ਪ੍ਰਧਾਨ ਮਹਿੰਦਰ ਬਾਗੀ, ਲੋਕ ਚੇਤਨਾ ਮੰਚ ਦੇ ਨਾਮਦੇਵ ਸਿੰਘ ਭੁਟਾਲ ਸਮੇਤ ਹੋਰ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕੰਟਰੈਕਟ ਸਫ਼ਾਈ ਕਰਮਚਾਰੀਆਂ ਨੂੂੰ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭਰਤੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਕੰਟਰੈਕਟ ਵਰਕਰਾਂ ਨੂੂੰ ਨਗਰ ਕੌਂਸਲਾਂ ਵੱਲੋਂ ਸਿੱਧੇ ਤੌਰ ’ਤੇ ਭਰਤੀ ਕਰਨ ਦੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਈਓ ਲਹਿਰਾਗਾਗਾ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ, ਜਿਸ ਦੇ ਸਿੱਟੇ ਵੱਜੋਂ ਸਫ਼ਾਈ ਕਰਮਚਾਰੀਆਂ ਨੂੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਸਫ਼ਾਈ ਕਾਮਿਆਂ ਦੀ ਹੜਤਾਲ ਕਰਕੇ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗੇ ਪਏ ਹਨ। ਸਫ਼ਾਈ ਕਾਮਿਆਂ ਸਮੇਤ ਮੁਲਾਜ਼ਮਾਂ ਨੂੂੰ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਡਿਉੂਟੀਆਂ ਵਿੱਚ ਵਿਤਕਰੇਬਾਜ਼ੀ ਬੰਦ ਕੀਤੀ ਜਾਵੇ, ਜਲ ਸਪਲਾਈ ਸਕੀਮ ਦਾ ਇੰਚਾਰਜ ਸੀਨੀਅਰਤਾ ਦੇ ਆਧਾਰ ’ਤੇ ਲਾਇਆ ਜਾਵੇ, ਸਫ਼ਾਈ ਕਰਮਚਾਰੀਆਂ ਦਾ ਰੈਸਟ ਰੂਮ ਉਨ੍ਹਾਂ ਹਵਾਲੇ ਕੀਤਾ ਜਾਵੇ ਅਤੇ ਮੰਗਾਂ ਪ੍ਰਵਾਨ ਕਰਕੇ ਸਫ਼ਾਈ ਕਾਮਿਆਂ ਦੀ ਹੜਤਾਲ ਖਤਮ ਕਰਵਾਈ ਜਾਵੇ। ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਨੇ ਦੱਸਿਆ ਕਿ ਉਹ ਸਫਾਈ ਕਾਮਿਆਂ ਦੀਆਂ ਤਿੰਨ ’ਚ ਦੋ ਮੰਗਾਂ ਮੰਨਣ ਨੂੰ ਤਿਆਰ ਹਨ ਪਰ ਤੀਜੀ ਮੰਗ ਹੜਤਾਲ ਸਮੇਂ ਦੀ ਤਨਖਾਹ ਬਾਰੇ ਸੁਪਰੀਮ ਕੋਰਟ ਦੇ ਆਦੇਸ਼ ਨੋ ਵਰਕ, ਨੋ ਪੇਅ ਨੂੰ ਮੰਨਿਆ ਨਹੀਂ ਜਾ ਸਕਦਾ। ਦੂਜੀਆਂ ਮੰਗਾਂ ਲਈ ਐੱਸਡੀਐੱਮ ਤੇ ਹਲਕਾ ਵਿਧਾਇਕ ਨੂੰ ਬੁਲਾਇਆ ਹੈ।