ਪੱਤਰ ਪ੍ਰੇਰਕ
ਭਵਾਨੀਗੜ੍ਹ, 11 ਫਰਵਰੀ
ਇੱਥੇ ਨਗਰ ਕੌਂਸਲ ਦੇ ਵਾਰਡ ਨੰਬਰ 11 ਵਿੱਚ ਅਕਾਲੀ ਦਲ ਦੀ ਹਮਾਇਤ ਨਾਲ ਖੜ੍ਹੀ ਆਜ਼ਾਦ ਉਮੀਦਵਾਰ ਇੰਦਰਜੀਤ ਕੌਰ ਦੇ ਪਤੀ ਮਾਲਵਿੰਦਰ ਸਿੰਘ ਉਤੇ ਕਾਂਗਰਸੀ ਉਮੀਦਵਾਰ ਦੇ ਹਮਾਇਤੀਆਂ ਵੱਲੋਂ ਕਥਿਤ ਗੱਡੀ ਚੜ੍ਹਾਉਣ ਖ਼ਿਲਾਫ਼ ਅੱਜ ਇੱਥੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਅਤੇ ਵਾਰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਸ੍ਰੀ ਗਰਗ ਨੇ ਦੱਸਿਆ ਕਿ ਬੀਤੀ ਸ਼ਾਮ ਆਜ਼ਾਦ ਉਮੀਦਵਾਰ ਦੇ ਪਤੀ ਮਾਲਵਿੰਦਰ ਸਿੰਘ, ਭਗਵਾਨ ਸਿੰਘ ਘਰ ਘਰ ਜਾ ਕੇ ਚੋਣ ਮੁਹਿੰਮ ਚਲਾ ਰਹੇ ਸਨ ਕਿ ਇਸੇ ਦੌਰਾਨ ਕਾਂਗਰਸੀ ਉਮੀਦਵਾਰ ਦੇ ਪਤੀ ਸੁਖਦਰਸ਼ਨ ਸ਼ਲਦੀ ਤੇ ਹਮਾਇਤੀਆਂ ਨੇ ਮਾਲਵਿੰਦਰ ਸਿੰਘ ਉਤੇ ਗੱਡੀ ਚੜ੍ਹਾਉਣ ਦੀ ਹਰਕਤ ਕੀਤੀ ਅਤੇ ਉਨ੍ਹਾਂ ਨਾਲ ਹੱਥੋਪਾਈ ਹੋ ਗਏ। ਉਨ੍ਹਾਂ ਕਿਹਾ ਕਿ ਇਸ ਉਪਰੰਤ ਮਾਲਵਿੰਦਰ ਸਿੰਘ ਤੇ ਸਾਥੀ ਉਨ੍ਹਾਂ ਦੇ ਘਰ ਆ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਗੁੰਡਾਗਰਦੀ ਪ੍ਰਸ਼ਾਸਨ ਦੀ ਸ਼ਹਿ ਹੇਠ ਕੀਤੀ ਗਈ ਹੈ ਤੇ ਇਸ ਦਾ ਖਮਿਆਜ਼ਾ ਕਾਂਗਰਸ ਪਾਰਟੀ ਤੇ ਉਮੀਦਵਾਰ ਨੂੰ ਭੁਗਤਣਾ ਪਵੇਗਾ। ਉਨ੍ਹਾਂ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਚੋਣ ਪ੍ਰਕਿਰਿਆ ਦੀ ਵੀਡੀਓਗਰਾਫੀ ਕਰਨ ਦੀ ਮੰਗ ਕੀਤੀ। ਇਸ ਮੌਕੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਦੂਜੇ ਪਾਸੇ ਕਾਂਗਰਸੀ ਉਮੀਦਵਾਰ ਦੇ ਪਤੀ ਸੁਖਦਰਸ਼ਨ ਸ਼ਲਦੀ ਨੇ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਉਲਟਾ ਮਾਲਵਿੰਦਰ ਸਿੰਘ ਆਦਿ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਹੈ। ਸੁਖਰਾਜ ਸਿੰਘ ਘੁੰਮਣ ਡੀਐੱਸਪੀ ਭਵਾਨੀਗੜ੍ਹ ਨੇ ਦੱਸਿਆ ਕਿ ਜੇ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਆਈ ਤਾਂ ਉਸ ਤੇ ਜ਼ਰੂਰ ਕਾਰਵਾਈ ਕੀਤੀ ਜਾਵੇਗੀ।