ਨਾਕੇ ਤੋਂ ਲੰਘਣ ਵਾਲਿਆਂ ਤੋਂ ਪੈਸੇ ਵਸੂਲਣ ਖ਼ਿਲਾਫ਼ ਧਰਨਾ

ਨਾਕੇ ਤੋਂ ਲੰਘਣ ਵਾਲਿਆਂ ਤੋਂ ਪੈਸੇ ਵਸੂਲਣ ਖ਼ਿਲਾਫ਼ ਧਰਨਾ

ਬਹਾਦਰਪੁਰ ਬੱਸ ਅੱਡੇ ’ਤੇ ਕਿਸਾਨਾਂ ਵੱਲੋਂ ਲਾਏ ਗਏ ਧਰਨੇ ਉਪਰੰਤ ਜੇਤੂ ਰੈਲੀ ਕੀਤੇ ਜਾਣ ਦੀ ਝਲਕ।

ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 18 ਸਤੰਬਰ

ਕਰੋਨਾ ਮਹਾਂਮਾਰੀ ਦੌਰਾਨ ਪਿੰਡ ਬਹਾਦਰਪੁਰ ਦੇ ਬੱਸ ਸਟੈਂਡ ਕੋਲ ਪੁਲੀਸ ਵੱਲੋਂ ਲਗਾਏ ਗਏ ਨਾਕੇ ਦੌਰਾਨ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਖੇਤਾਂ ਵਿੱਚ ਜਾਣ ਲਈ ਪੁਲੀਸ ਵੱਲੋਂ ਤੰਗ ਕਰਨ ਅਤੇ ਨਾਕੇ ਤੋਂ ਲੰਘਣ ਵਾਲੇ ਲੋਕਾਂ ਤੋਂ ਕਥਿਤ ਤੌਰ ’ਤੇ ਡਰਾ-ਧਮਕਾ ਕੇ ਪੈਸੇ ਵਸੂਲਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਬੱਸ ਸਟੈਂਡ ’ਚ ਧਰਨਾ ਦਿੱਤਾ ਗਿਆ। ਇਸ ਦੌਰਾਨ ਪੁਲੀਸ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਵੀ ਕੀਤੀ ਗਈ।

ਧਰਨੇ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ, ਇਕਾਈ ਪ੍ਰਧਾਨ ਬੱਗਾ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੱਤਾਂ ਦੇ ਪ੍ਰਧਾਨ ਦਰਸ਼ਨ ਸਿੰਘ ਤੇ ਦੁੱਗਾ ਦੇ ਪ੍ਰਧਾਨ ਜੱਸਾ ਸਿੰਘ ਨੇ ਕੀਤੀ।

ਧਰਨੇ ਦੀ ਭਿਣਕ ਪੈਂਦਿਆਂ ਹੀ ਥਾਣਾ ਲੌਂਗੋਵਾਲ ਦੇ ਇੰਚਾਰਜ ਇੰਸਪੈਕਟਰ ਗੁਰਭਜਨ ਸਿੰਘ ਅਤੇ ਪੁਲੀਸ ਚੌਕੀ ਬਡਰੁੱਖਾਂ ਦੇ ਇੰਚਾਰਜ ਸਬ-ਇੰਸਪੈਕਟਰ ਕਰਮ ਸਿੰਘ ਨੇ ਪੁਲੀਸ ਪਾਰਟੀ ਸਮੇਤ ਪਹੁੰਚ ਕੇ ਕਿਸਾਨਾਂ ਨੂੰ ਸ਼ਾਂਤ ਕੀਤਾ।

ਇਸ ਮੌਕੇ ਬੁਲਾਰਿਆਂ ਨੇ ਨਾਕੇ ’ਤੇ ਤਾਇਨਾਤ ਪੁਲੀਸ ਕਰਮਚਾਰੀਆਂ ਅਤੇ ਅਧਿਕਾਰੀਆਂ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਨਾਕੇ ’ਤੇ ਪੁਲੀਸ ਵੱਲੋਂ ਖੇਤਾਂ ਨੂੰ ਜਾਣ ਵਾਲੇ ਬਲਦ ਰੇਹੜਿਆਂ ਤੇ ਸਕੂਟਰ ਚਾਲਕਾਂ ਨੂੰ ਰੋਕ ਕੇ ਉਪਰੋਂ ਦੀ ਘੁੰਮ ਕੇ ਜਾਣ ਲਈ ਜਾਣ-ਬੁੱਝ ਕੇ ਮਜਬੂਰ ਕੀਤਾ ਜਾਂਦਾ ਸੀ।

ਐੱਸ.ਐੱਚ.ਓ. ਲੌਂਗੋਵਾਲ ਵੱਲੋਂ ਨਾਕਾ ਚੁੱਕਣ ਦੇ ਵਿਸ਼ਵਾਸ ਉਪਰੰਤ ਦੋ ਘੰਟੇ ਬਾਅਦ ਧਰਨਾ ਚੁੱਕਿਆ ਗਿਆ, ਜਿਸ ਮਗਰੋਂ ਪਿੰਡ ਵਿੱਚ ਜੇਤੂ ਰੈਲੀ ਵੀ ਕੱਢੀ ਗਈ। ਰੈਲੀ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਕਨਵੀਨਰ ਭੁਪਿੰਦਰ ਲੌਂਗੋਵਾਲ, ਜ਼ਿਲ੍ਹਾ ਆਗੂ ਦਰਸ਼ਨ ਸਿੰਘ ਕੁੰਨਰਾ, ਉੱਭਾਵਾਲ ਦੇ ਪ੍ਰਧਾਨ ਸੁਖਦੇਵ ਸਿੰਘ ਤੇ ਲਖਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਗੁਰਮੇਲ ਸਿੰਘ, ਬਹਾਲ ਸਿੰਘ ਲੌਗੋਵਾਲ, ਹਰਭਜਨ ਸਿੰਘ ਤੇ ਬਲਜੀਤ ਸਿੰਘ ਦੁੱਗਾ ਨੇ ਸੰਬੋਧਨ ਕੀਤਾ।

ਨਾਕਾ ਬਹਾਦਰਪੁਰ ਬੱਸ ਅੱਡੇ ਤੋਂ ਤਬਦੀਲ ਕੀਤਾ: ਡੀਐੱਸਪੀ

ਡੀਐੱਸਪੀ ਸੁਨਾਮ ਨੇ ਕਿਹਾ ਕਿ ਉਨ੍ਹਾਂ ਕੋਲ ਪੁਲੀਸ ਵੱਲੋਂ ਪੈਸੇ ਲੈਣ ਸਬੰਧੀ ਕੋਈ ਵੀ ਅਜਿਹੀ ਸ਼ਿਕਾਇਤ ਨਹੀਂ ਆਈ। ਪਿੰਡ ਵਾਸੀਆਂ ਦੇ ਕਹਿਣ ’ਤੇ ਇਹ ਨਾਕਾ ਬਹਾਦਰਪੁਰ ਬੱਸ ਅੱਡੇ ਤੋਂ ਤਬਦੀਲ ਕਰ ਕੇ ਸੰਗਰੂਰ-ਬਰਨਾਲਾ ਜ਼ਿਲ੍ਹਿਆਂ ਦੀ ਹੱਦ ’ਤੇ ਲਗਾਇਆ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All