ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਨਵੰਬਰ
ਪੰਜਾਬ ਨਾਨ ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ ਦੀ ਅਗਵਾਈ ਹੇਠ ਕਰਮਚਾਰੀਆਂ ਵੱਲੋਂ ਫੀਲਡ ਸਟਾਫ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਇੱਥੇ ਬਨਾਸਰ ਬਾਗ ਵਿੱਚ ਮੀਟਿੰਗ ਕਰਕੇ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਵਿਖਾਵਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਧਿਕਾਰੀਆਂ ਦੀ ਖਹਬਿਾਜ਼ੀ ਕਾਰਨ ਫੀਲਡ ਸਟਾਫ ਦਾ ਕੋਈ ਨੁਕਸਾਨ ਹੋਇਆ ਤਾਂ ਵੱਡੇ ਪੱਧਰ ’ਤੇ ਅਧਿਕਾਰੀਆਂ ਖ਼ਿਲਾਫ਼ ਸੰਘਰਸ਼ ਕਰਦਿਆਂ ਘਿਰਾਓ ਕੀਤਾ ਜਾਵੇਗਾ।
ਯੂਨੀਅਨ ਦੇ ਮੰਡਲ ਪ੍ਰਧਾਨ ਗੁਰਤੇਜ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ, ਸਕੱਤਰ ਗੁਰਪ੍ਰੀਤ ਕੌਰ, ਸਹਾਇਕ ਸਕੱਤਰ ਜਸਵੀਰ ਸਿੰਘ ਅਤੇ ਵਿੱਤ ਸਕੱਤਰ ਮਨੀਸ਼ ਕੁਮਾਰ ਨੇ ਕਿਹਾ ਕਿ ਅਧਿਕਾਰੀਆਂ ਦੇ ਆਪਸੀ ਮਤਭੇਦਾਂ ਕਾਰਨ ਸੰਗਰੂਰ ਮੰਡਲ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਨਾਜਾਇਜ਼ ਚੈਕਿੰਗਾਂ ਕਰਕੇ ਫੀਲਡ ਸਟਾਫ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੰਗਰੂਰ ਮੰਡਲ ਵਿੱਚ 20 ਨਵੰਬਰ ਨੂੰ ਨਾਜਾਇਜ਼ ਕਟਾਈ ਅਤੇ ਸਟਾਕ ਦੀ ਚੈਕਿੰਗ ਸਬੰਧੀ ਉਚ ਅਧਿਕਾਰੀਆਂ ਵੱਲੋਂ ਜੋ ਪੱਤਰ ਭੇਜਿਆ ਗਿਆ ਹੈ, ਉਹ ਸ਼ਰਾਸਰ ਗਲਤ ਹੈ ਅਤੇ ਫੀਲਡ ਸਟਾਫ਼ ਨਾਲ ਨਾਜਾਇਜ਼ ਧੱਕਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਇਹ ਅਧਿਕਾਰੀਆਂ ਦੇ ਆਪਸੀ ਮਤਭੇਦਾਂ ਦਾ ਨਤੀਜਾ ਹੈ ਜਿਸ ਵਿੱਚ ਨੁਕਸਾਨ ਫੀਲਡ ਸਟਾਫ਼ ਦਾ ਹੋ ਰਿਹਾ ਹੈ। ਇਸ ਨੂੰ ਯੂਨੀਅਨ ਵੱਲੋਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਚੈਕਿੰਗ ਟੀਮ ਦਾ ਸੂਬਾ ਕਮੇਟੀ ਅਤੇ ਸਾਰੇ ਸਾਥੀਆਂ ਵਲੋਂ ਘਿਰਾਓ ਕਰਕੇ ਵੱਡੇ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮੁਲਾਜ਼ਮ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਸਮੁੱਚੀ ਜ਼ਿੰਮੇਵਾਰੀ ਅਫਸਰਸ਼ਾਹੀ ਦੀ ਹੋਵੇਗੀ ਅਤੇ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।
ਉਨ੍ਹਾਂ ਮੰਗਾਂ ਨੂੰ ਛੇਤੀ ਅਮਲੀ ਜਾਮਾ ਪਹਿਨਾਉਣ ਦੀ ਅਪੀਲ ਕੀਤੀ। ਅਜਿਹਾ ਨਾ ਕਰਨ ’ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ।