ਪੱਤਰ ਪ੍ਰੇਰਕ
ਲਹਿਰਾਗਾਗਾ, 18 ਅਕਤੂਬਰ
ਪ੍ਰਾਪਰਟੀ ਸਲਾਹਕਾਰ ਐਸੋਸੀਏਸ਼ਨ ਲਹਿਰਾਗਾਗਾ ਦੀ ਮੀਟਿੰਗ ਇੱਥੇ ਜੀਪੀਐਫ ਧਰਮਸ਼ਾਲਾ ਵਿਚ ਪ੍ਰਧਾਨ ਕੌਰ ਸਿੰਘ ਸਮਰਾਓ ਦੀ ਪ੍ਰਧਾਨਗੀ ਹੇਠ ਹੋਈ।
ਇਸ ਵਿਚ ਪ੍ਰਾਪਰਟੀ ਸਲਾਹਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਸਮਰਾਓ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਾਪਰਟੀ ਸਲਾਹਕਾਰਾਂ ਨੂੰ ਤਹਿਸੀਲ ਵਿਚ ਕੰਮਾਂ ਲਈ ਖੱਜਲ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਵੇਚਣ ਵਾਲਿਆਂ ਨੂੰ ਨਗਰ ਕੌਂਸਲ ਤੋਂ ਐਨਓਸੀ ਲੈਣ ਸਮੇਂ ਵੱਡੀ ਮੁਸ਼ਕਿਲ ਪੇਸ਼ ਆ ਰਹੀ ਹੈ, ਜ਼ਿਆਦਾਤਰ ਪ੍ਰਾਪਰਟੀ ਵੇਚਣ ਵਾਲਿਆਂ ਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ। ਇਸ ਸਬੰਧੀ ਕਾਰਜਸਾਧਕ ਅਫ਼ਸਰ ਰਵੀ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੇ ਐਨਓਸੀ ਆਨਲਾਈਨ ਕਰ ਕੇ ਤੁਰੰਤ ਜਾਰੀ ਕਰ ਦਿੱਤੇ ਜਾਂਦੇ ਹਨ। ਇਹ ਬਿਨਾਂ ਕਿਸੇ ਵਿਸ਼ੇਸ਼ ਟਿੱਪਣੀ ਦੇ ਡੀਸੀ ਸੰਗਰੂਰ ਤੱਕ ਭੇਜ ਦਿੱਤੇ ਜਾਂਦੇ ਹਨ।
ਉਧਰ, ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਉਹ ਕਾਰਜਸਾਧਕ ਅਫ਼ਸਰ ਖ਼ਿਲਾਫ਼ ਹਲਕਾ ਵਿਧਾਇਕ ਤੇ ਐਸਡੀਐਮ ਨੂੰ ਮੰਗ ਪੱਤਰ ਦੇ ਕੇ ਜਾਣੂ ਕਰਵਾਉਣਗੇ। ਲੋੜ ਪੈਣ ਉੱਪਰ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਸੁਣਵਾਈ ਜਲਦੀ ਕਰੇ ਤਾਂ ਕਿ ਉਨ੍ਹਾਂ ਸਣੇ ਆਮ ਲੋਕਾਂ ਦੀ ਖੱਜਲ ਖੁਆਰੀ ਰੋਕੀ ਜਾ ਸਕੇ। ਇਸ ਮੌਕੇ ਡਾ. ਹਰਭਜਨ ਸਿੰਘ ਸਿੱਧੂ, ਜੀਵਨ ਕੁਮਾਰ ਕਾਲਾ ਹਰਿਆਊ ਵਾਲੇ, ਪ੍ਰਿੰਸ ਖੋਖਰ, ਅਮਿਤ ਕੁਮਾਰ ਜੋਨੀ, ਹਜ਼ਾਰਾ ਸਿੰਘ, ਬਲਵੀਰ ਸਿੰਘ, ਹਰਮੇਸ਼ ਮੇਸ਼ੀ, ਰਮੇਸ਼ ਕੁਮਾਰ ਲਹਿਲ ਕਲਾਂ, ਜਨਕ ਰਾਜ ਤਾਇਲ, ਪ੍ਰਕਾਸ਼ ਸਿੰਘ ਮੌਜੂਦ ਸਨ।