ਪੱਤਰ ਪੇ੍ਰਕ
ਸ਼ੇਰਪਰ, 7 ਨਵੰਬਰ
ਖ਼ਰੀਦ ਕੇਂਦਰਾਂ ਵਿੱਚ ਝੋਨੇ ਦੇ ਤੋਲਾਂ ਵਿੱਚ ਕੁਝ ਥਾਈਂ ਹੇਰ-ਫੇਰ ਦੇ ਚਰਚਿਆਂ ਮਗਰੋਂ ਜਿੱਥੇ ਉੱਭਰ ਕੇ ਸਾਹਮਣੇ ਆਇਆ ਕਿ ਇਸ ਵਾਰ ਕਿਸਾਨ ਜਥੇਬੰਦੀਆਂ ਵੱਲੋਂ ਮੰਡੀਆਂ ਵਿੱਚ ਫਸਲ ਦੀ ਪਹਿਰੇਦਾਰੀ ਨਹੀਂ ਹੋ ਪਾਈ ਉਥੇ ਅਫ਼ਸਰਸ਼ਾਹੀ ਦੀ ਵੀ ਤੋਲਾਂ ਦੇ ਨਿਰੀਖਣਾਂ ਦੀ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆ ਸਕੀ।
ਬੀਕੇਯੂ ਡਕੌਂਦਾ ਦੇ ਆਗੂ ਬਲਵੰਤ ਸਿੰਘ ਛੰਨਾ ਨੇ ਇਸ ਵਾਰ ਸੰਯੁਕਤ ਮੋਰਚੇ ਦੇ ਉਪਰੋਥਲੀ ਪ੍ਰੋਗਰਾਮਾਂ ਕਾਰਨ, ਡੀਏਪੀ ਖਾਦ ਦੀ ਘਾਟ ਦਾ ਮਾਮਲਾ, ਤਿਊਹਾਰਾਂ ਕਾਰਨ ਮੰਡੀਆਂ ਵਿੱਚ ਤੋਲਾਂ ਦਾ ਨਿਰੀਖਣ ਨਾ ਕਰ ਸਕਣ ਦਾ ਵੱਡਾ ਕਾਰਨ ਦੱਸਿਆ। ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਨਿਰੰਜਣ ਦੋਹਲਾ ਨੇ ਆਪਣੇ ਗੋਡੇ ਦੇ ਹੋਏ ਅਪਰੇਸ਼ਨ ਕਾਰਨ ਮੰਡੀਆਂ ਵਿੱਚ ਨਾ ਜਾ ਸਕਣ ਦਾ ਕਾਰਨ ਦੱਸਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਅਵੇਸਲੇਪਣ ਨੂੰ ਸਿੱਧੇ ਤੌਰ ਤੇ ਕਬੂਲ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਕੋਲ ਵੱਧ ਤੋਲਾਂ ਦੀਆਂ ਸ਼ਿਕਾਇਤਾਂ ਵੀ ਆਈਆਂ।
ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਤੋਲਾਂ ਦਾ ਨਿਰੀਖਣ ਕਰਵਾਉਣ ਦੀ ਜ਼ਰੂਰ ਕੋਸ਼ਿਸ਼ ਕਰਨਗੇ।
ਸਭ ਕੁੱਝ ਠੀਕ ਠਾਕ ਚੱਲ ਰਿਹੈ: ਸਕੱਤਰ
ਮਾਰਕੀਟ ਕਮੇਟੀ ਸ਼ੇਰਪੁਰ ਦੇ ਸੈਕਟਰੀ ਡੀਨਪਾਲ ਸਿੰਘ ਨੇ ਕਿਹਾ ਕਿ ਤੋਲਾਂ ਵਿੱਚ ਕਿਤੇ ਵੀ ਕੁਝ ਗਲਤ ਨਹੀਂ ਅਤੇ ਤੋਲਾਂ ਦਾ ਨਿਰੀਖਣ ਵੀ ਹੁੰਦਾ ਰਹਿੰਦਾ ਹੈ। ਕਿੱਥੇ-ਕਿੱਥੇ ਤੋਲ ਚੈੱਕ ਕੀਤੇ, ਸਬੰਧੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਦਫ਼ਤਰੋਂ ਰਜਿਸਟਰ ਵੇਖ ਕੇ ਹੀ ਦੱਸ ਸਕਦੇ ਹਨ।