ਰਮੇਸ਼ ਭਾਰਦਵਾਜ
ਲਹਿਰਾਗਾਗਾ, 31 ਅਕਤੂਬਰ
ਕਿਸਾਨਾਂ ਨੂੰ ਝੋਨੇ ਦੀ ਵਿਕਰੀ ’ਚ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਅੱਜ ਇੱਥੇ ਲਹਿਰਾਗਾਗਾ-ਜਾਖਲ ਬਾਈਪਾਸ ਨਹਿਰ ਉੱਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਅਤੇ ਜਨਰਲ ਸਕੱਤਰ ਬਹਾਦਰ ਸਿੰਘ ਭੁਟਾਲ ਖੁਰਦ ਨੇ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਦੀ ਵਿਕਰੀ ਸਬੰਧੀ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਨਮੀ ਜ਼ਿਆਦਾ ਹੋਣ ਕਰਕੇ ਬੋਲੀ ਨਹੀਂ ਲਾਈ ਜਾ ਰਹੀ ਜਦਕਿ ਝੋਨੇ ਨਾਲ ਮੰਡੀਆਂ ਭਰੀਆਂ ਪਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਨਮੀ ਸਬੰਧੀ ਸਾਰੀਆਂ ਸ਼ਰਤਾਂ ਹਟਾਈਆਂ ਜਾਣ ਕਿਉਂਕਿ ਇਸ ਸਮੇਂ ਖੇਤਾਂ ਵਿੱਚੋਂ ਕਟਾਈ ਹੋ ਕੇ ਆ ਰਿਹਾ ਝੋਨਾ 25 ਫ਼ੀਸਦੀ ਤੋਂ ਵੱਧ ਨਮੀ ਵਾਲਾ ਹੋਵੇਗਾ ਜਿਸ ਦੀ ਸਿੱਲ ਬਰਕਰਾਰ ਰਹੇਗੀ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਸ਼ੈਲਰ ਮਾਲਕਾਂ ਵੱਲੋਂ ਇੰਸਪੈਕਟਰਾਂ ਨਾਲ ਮਿਲ ਕੇ ਮੰਡੀਆਂ ਵਿੱਚ ਪਏ ਝੋਨੇ ਦੀ ਲਿਫਟਿੰਗ ਰੋਕੀ ਜਾ ਰਹੀ ਹੈ ਅਤੇ ਨਮੀ ਮਾਪਣ ਵਾਲੇ ਮੀਟਰਾਂ ਵਿੱਚ ਵੀ ਹੇਰਾਫੇਰੀ ਕਰਨ ਦੇ ਕਿਸਾਨਾਂ ਵੱਲੋਂ ਦੋਸ਼ ਲਾਏ ਜਾ ਰਹੇ ਹਨ। ਇਸ ਦੌਰਾਨ ਬਾਅਦ ਦੁਪਹਿਰ ਲਹਿਰਾਗਾਗਾ ਦੇ ਤਹਿਸੀਲਦਾਰ ਪ੍ਰਵੀਨ ਕੁਮਾਰ ਵੱਲੋਂ ਬਲਾਕ ਆਗੂਆਂ ਨਾਲ ਮੀਟਿੰਗ ਕਰ ਕੇ ਭਰੋਸਾ ਦਿਵਾਇਆ ਗਿਆ ਕਿ ਅੱਗੇ ਤੋਂ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।
ਇਸ ਅੱਜ ਦੇ ਧਰਨੇ ਨੂੰ ਬਲਜੀਤ ਸਿੰਘ ਗੋਬਿੰਦਗੜ੍ਹ, ਰਾਮਚੰਦ ਸਿੰਘ ਚੋਟੀਆਂ, ਬਿੰਦਰ ਸਿੰਘ ਖੋਖਰ, ਨਿੱਕਾ ਸਿੰਘ ਸੰਗਤੀਵਾਲਾ, ਪ੍ਰੀਤਮ ਸਿੰਘ ਲਹਿਲ ਕਲਾ ਤੇ ਸਰਬਜੀਤ ਸ਼ਰਮਾ ਲਹਿਰਾ ਨੇ ਸੰਬੋਧਨ ਕੀਤਾ।
ਮਾਰਕਫੈੱਡ ਅਧਿਕਾਰੀਆਂ ਵੱਲੋਂ ਮੰਡੀਆਂ ਦਾ ਦੌਰਾ
ਲਹਿਰਾਗਾਗਾ: ਮਾਰਕਫੈੱਡ ਦੇ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਨੇ ਖਰੀਦ ਕੇਂਦਰਾਂ ਤੇ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਸਮੇਂ ਉਨ੍ਹਾਂ ਮਾਰਕਫੈੱਡ ਨਾਲ ਸਬੰਧਤ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮਾਰਕਫੈੱਡ ਦੇ ਡਾਇਰੈਕਟਰ ਤਿਰਲੋਕ ਸਿੰਘ ਭੰਗੂ, ਜ਼ਿਲ੍ਹਾ ਮੈਨੇਜਰ ਐੱਸ ਐੱਚ ਧਾਲੀਵਾਲ ਅਤੇ ਮੈਨੇਜਰ ਮਾਰਕਫੈੱਡ ਲਹਿਰਾ ਅਵਤਾਰ ਸਿੰਘ ਕੁਲਾਰ ਨੇ ਦੱਸਿਆ ਕਿ ਮਾਰਕਫੈੱਡ ਖਰੀਦ ਏਜੰਸੀ ਏਸ਼ੀਆ ਦੀ ਸਭ ਤੋਂ ਵੱਡੀ ਏਜੰਸੀ ਹੈ, ਇਸ ਲਈ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਮੰਡੀਆਂ ਦਾ ਦੌਰਾ ਕੀਤਾ ਜਾਂਦਾ ਹੈ ਤਾਂ ਜੋ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਕੋਈ ਸਮੱਸਿਆ ਨਾ ਆਵੇ। ਇਸ ਮੌਕੇ ਡਾਇਰੈਕਟਰ ਸ੍ਰੀ ਭੰਗੂ ਨੇ ਦੱਸਿਆ ਕਿ ਛਾਜਲੀ, ਸੰਗਤਪੁਰਾ ਤੇ ਲਹਿਰਾਗਾਗਾ ਸਮੇਤ ਕਾਫ਼ੀ ਮੰਡੀਆਂ ਦਾ ਦੌਰਾ ਕਰਦਿਆਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਧਾਲੀਵਾਲ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹਾ ਸੰਗਰੂਰ ਵਿੱਚ ਡੇਢ ਲੱਖ ਟਨ ਝੋਨੇ ਦੀ ਖ੍ਰੀਦ ਹੋ ਚੁੱਕੀ ਹੈ ਅਤੇ 72 ਘੰਟਿਆਂ ਦੇ ਅੰਦਰ ਅੰਦਰ ਝੋਨੇ ਦੀ ਲਿਫਟਿੰਗ ਮੁਕੰਮਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੇਮੇਂਟ ਅਤੇ ਬਾਰਦਾਨੇ ਸਬੰਧੀ ਕੋਈ ਵੀ ਸਮੱਸਿਆ ਨਹੀਂ ਆ ਰਹੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਓਮ ਪ੍ਰਕਾਸ਼ ਜਵਾਹਰਵਾਲਾ, ਆੜ੍ਹਤੀ ਅਨਿਲ ਕੁਮਾਰ, ਕਿਸਾਨ ਬੇਅੰਤ ਸਿੰਘ, ਪ੍ਰੇਮ ਚੰਦ ਤੇ ਚਰਨਜੀਤ ਸ਼ਰਮਾ ਵੀ ਹਾਜ਼ਰ ਸਨ। – ਪੱਤਰ ਪ੍ਰੇਰਕ