ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਨਵੰਬਰ
ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਪੰਜਾਬ ਵਲੋਂ 13 ਨਵੰਬਰ ਨੂੰ ਪੰਜਾਬ ਭਰ ’ਚ ਨੈਸ਼ਨਲ ਹਾਈਵੇਅ ਅਤੇ ਸਟੇਟ ਹਾਈਵੇਅ ਉਪਰ ਨਿੱਜੀ ਸਕੂਲ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲਗਾ ਕੇ ਸਰਕਾਰ ਖ਼ਿਲਾਫ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਦਾ ਮੰਤਵ ਸਿੱਖਿਆ ਸੰਸਥਾਵਾਂ ਨੂੰ ਹਰ ਤਰ੍ਹਾਂ ਦੇ ਟੈਕਸ ਤੋਂ ਮੁਕਤ ਕਰਨਾ ਅਤੇ ਇਨ੍ਹਾਂ ਸੰਸਥਾਵਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਦਾ ਪੰਜ ਲੱਖ ਰੁਪਏ ਤੱਕ ਦਾ ਬੀਮਾ ਕਰਨ ਦੀਆਂ ਮੰਗਾਂ ਨੂੰ ਮੰਨਵਾਉਣ ਲਈ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਾ ਹੈ। ਸਥਾਨਕ ਡੀਵਾਈਨ ਹੋਟਲ ਵਿਚ ਐਸੋਸੀਏਸ਼ਨ ਦੀ ਹੋਈ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ 13 ਨਵੰਬਰ ਨੂੰ ਪੰਜਾਬ ਦੇ ਕੌਮੀ ਹਾਈਵੇਅ ਅਤੇ ਸਟੇਟ ਹਾਈਵੇਅ ਉਪਰ ਨਿੱਜੀ ਸਕੂਲਾਂ ਦੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗਣਗੀਆਂ। ਵਾਹਨਾਂ ਨੂੰ ਸੜਕਾਂ ਕਿਨਾਰੇ ਖੱਬੇ ਹੱਥ ਇੱਕ ਕਤਾਰ ਵਿਚ ਖੜਾਇਆ ਜਾਵੇਗਾ ਅਤੇ ਇਹ ਪ੍ਰਦਰਸ਼ਨ ਬਿਲਕੁਲ ਸ਼ਾਂਤਮਈ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਟੈਕਸ ਮੁਕਤ ਕਰਨਾ ਸਮੇਂ ਦੀ ਲੋੜ ਬਣ ਗਈ ਹੈ ਅਤੇ ਟੈਕਸ ਮੁਕਤੀ ਤੋਂ ਹੋਣ ਵਾਲਾ ਲਾਭ ਸਿੱਧਾ ਮਾਪਿਆਂ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਬਿਜਲੀ ਬਿਲਾਂ ਤੇ ਟਰਾਂਸਪੋਰਟ ਰਾਹੀਂ ਇਨ੍ਹਾਂ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਨੂੰ ਵੱਡੇ ਟੈਕਸ ਅਦਾ ਕਰਨੇ ਪੈ ਰਹੇ ਹਨ।
ਸੂਬਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਸਕੂਲਾਂ ਦੀ ਨੁਮਾਇੰਦਗੀ ਕਰਦੀਆਂ ਜਥੇਬੰਦੀਆਂ ਰਾਸਾ, ਕਾਸਾ, ਪੂਸਾ, ਪੀਪੀਐਸਓ, ਈਸੀਐਸ ਨਾਲ ਜੁੜੇ ਪੰਜਾਬ ਦੇ ਲਗਭਗ 9 ਹਜ਼ਾਰ ਸਕੂਲ ਅਤੇ 1650 ਕਾਲਜਾਂ ਦੀ ਨੁਮਾਇੰਦਗੀ ਕਰਦੀ ਜਥੇਬੰਦੀ ਜੁਆਇੰਟ ਐਸੋਸੀਏਸ਼ਨਜ਼ ਆਫ ਕਾਲਜਜ਼ (ਜੈਕ) ਅਤੇ ਨਿੱਜੀ ਖੇਤਰ ਦੀਆਂ ਯੂਨੀਵਰਸਿਟੀਆਂ ਇਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕਰਨਗੀਆਂ।
ਰਾਜਪੁਰਾ (ਪੱਤਰ ਪ੍ਰੇਰਕ): ਪੰਜਾਬ ਪ੍ਰਾਈਵੇਟ ਸਕੂਲ ਫੈਡਰੇਸ਼ਨ ਵੱਲੋਂ ਅਰੰਭੀ ਗਏ ਸਿੱਖਿਆ ਬਚਾਓ, ਪੰਜਾਬ ਬਚਾਓ ਅੰਦੋਲਨ ਤਹਿਤ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੇ ਟੈਕਸ ਮੁਆਫ ਕਰਵਾਉਣ ਦੀ ਮੰਗ ਨੂੰ ਨੈ ਕੇ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ 13 ਨਵੰਬਰ ਨੂੰ ਸਕੂਲਾਂ ਵਿੱਚ ਇੱਕ ਰੋਜ਼ਾ ਹੜਤਾਲ ਕਰਕੇ ਸਕੂਲਾਂ ਨਾਲ ਸਬੰਧਤ ਬੱਸਾਂ ਨੂੰ ਸੜਕਾਂ ’ਤੇ ਖੜੀਆਂ ਕਰਕੇ ਦਿਨ ਭਰ ਜਾਮ ਲਗਾਇਆ ਜਾਵੇਗਾ।