ਨਿਜੀ ਪੱਤਰ ਪ੍ਰੇਰਕ
ਸੰਗਰੂਰ, 13 ਨਵੰਬਰ
ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਪੰਜਾਬ ਭਰ ਦੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵੱਲੋਂ ‘ਸਿੱਖਿਆ ਬਚਾਓ-ਪੰਜਾਬ ਬਚਾਓ’ ਮੁਹਿੰਮ ਤਹਿਤ ਅੱਜ ਰਾਜ ਭਰ ਦੀਆਂ ਸੜਕਾਂ ਉਪਰ ਕਰੀਬ 50 ਹਜ਼ਾਰ ਸਕੂਲੀ ਬੱਸਾਂ ਖੜ੍ਹੀਆਂ ਕਰਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਐਸੋਸੀਏਸ਼ਨ ਦੀ ਮੰਗ ਹੈ ਕਿ ਹਰਿਆਣਾ ਅਤੇ ਹਿਮਾਚਲ ਰਾਜਾਂ ਦੀ ਤਰਜ਼ ’ਤੇ ਸਕੂਲ ਵਾਹਨਾਂ ਨੂੰ ਟੈਕਸ ਮੁਕਤ ਕੀਤਾ ਜਾਵੇ, ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਦਾ ਪੰਜ ਲੱਖ ਰੁਪਏ ਤੱਕ ਦਾ ਬੀਮਾ ਕੀਤਾ ਜਾਵੇ ਅਤੇ ਸਕੂਲਾਂ ਉਪਰ ਕਮਰਸ਼ੀਅਲ ਬਿਜਲੀ ਬਿਲ ਨਾ ਲਗਾਇਆ ਜਾਵੇ।
ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦਾਅਵਾ ਕੀਤਾ ਕਿ ਅੱਜ ਦੇ ਰੋਸ ਪ੍ਰਦਰਸ਼ਨ ਵਿਚ ਪੰਜਾਬ ਭਰ ਦੇ ਨਿੱਜੀ ਸਕੂਲਾਂ ਦੀਆਂ ਕਰੀਬ 50 ਹਜ਼ਾਰ ਬੱਸਾਂ ਨੇ ਸ਼ਮੂਲੀਅਤ ਕੀਤੀ ਹੈ। ਕੌਮੀ ਹਾਈਵੇਅ ਅਤੇ ਸਟੇਟ ਹਾਈਵੇਅ ਉਪਰ ਸੜਕਾਂ ਕਿਨਾਰੇ ਇੱਕ ਕਤਾਰ ਵਿਚ ਬੱਸਾਂ ਖੜ੍ਹੀਆਂ ਕੀਤੀਆਂ ਸਨ ਜਿੰਨ੍ਹਾਂ ਉਪਰ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਲਿਖੀਆਂ ਸਨ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀਆਂ ਮਾਵਾਂ ਨੂੰ ਬੱਸਾਂ ਵਿਚ ਸਫ਼ਰ ਮੁਫ਼ਤ ਹੈ ਪਰੰਤੂ ਪੜ੍ਹਾਈ ਕਰਨ ਵਾਲੇ ਬੱਚਿਆਂ ਨੂੰ ਬੱਸਾਂ ਦਾ ਟੈਕਸ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਪੰਜਾਬ ਵਿਚ ਸਭ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾ ਰਹੀਆਂ ਹਨ ਜਿਸ ਕਰਕੇ ਸਕੂਲਾਂ ਵਿਚ ਕੰਮ ਕਰਦੇ ਸਟਾਫ਼/ਮੁਲਾਜ਼ਮਾਂ ਦਾ ਪੰਜ ਲੱਖ ਰੁਪਏ ਦਾ ਬੀਮਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿਚ ਕਰੀਬ 35 ਲੱਖ ਵਿਦਿਆਰਥੀ ਪੜ੍ਹਦੇ ਹਨ ਅਤੇ 7 ਲੱਖ ਪਰਿਵਾਰ ਇਨ੍ਹਾਂ ਸੰਸਥਾਵਾਂ ਨਾਲ ਰੁਜ਼ਗਾਰ ਵਜੋਂ ਜੁੜੇ ਹੋਏ ਹਨ।
ਸੂਬਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਸਕੂਲਾਂ ਦੀ ਨੁਮਾਇੰਦਗੀ ਕਰਦੀਆਂ ਜਥੇਬੰਦੀਆਂ ਰਾਸਾ, ਕਾਸਾ, ਪੂਸਾ, ਪੀਪੀਐਸਓ, ਈਸੀਐਸ ਨਾਲ ਜੁੜੇ ਪੰਜਾਬ ਦੇ ਲਗਭਗ 9 ਹਜ਼ਾਰ ਸਕੂਲ ਅਤੇ 1650 ਕਾਲਜਾਂ ਦੀ ਨੁਮਾਇੰਦਗੀ ਕਰਦੀ ਜਥੇਬੰਦੀ ਜੁਆਇੰਟ ਐਸੋਸੀਏਸ਼ਨਜ਼ ਆਫ ਕਾਲਜਜ਼ (ਜੈਕ) ਅਤੇ ਨਿੱਜੀ ਖੇਤਰ ਦੀਆਂ ਯੂਨੀਵਰਸਿਟੀਆਂ ਨੇ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਗੌਰ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਰਾਜਪੁਰਾ (ਪੱਤਰ ਪੇ੍ਰਕ): ਸੈਂਕੜੇ ਸਕੂਲ ਬੱਸ ਚਾਲਕਾਂ ਵੱਲੋਂ ਆਪਣੇ ਵਾਹਨ ਰਾਜਪੁਰਾ-ਪਟਿਆਲਾ ਰੋਡ ਕਿਨਾਰੇ ਖੜ੍ਹੇ ਕਰਕੇ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਪ੍ਰਾਈਵੇਟ ਐਸੋਸੀਏਸ਼ਨ ਰਾਜਪੁਰਾ ਦੇ ਚੇਅਰਮੈਨ ਤਰਸੇਮ ਲਾਲ ਜੋਸ਼ੀ, ਵਾਹਨ ਚਾਲਕਾਂ ਗੁਰਸੇਵਕ ਸਿੰਘ, ਅਵਤਾਰ ਸਿੰਘ, ਰਮੇਸ਼ ਗਰਗ ਅਤੇ ਜਗਦੇਵ ਸਿੰਘ ਸਮੇਤ ਹੋਰਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੁਆਂਢੀ ਰਾਜਾਂ ਦੀ ਤਰਜ਼ ’ਤੇ ਪੰਜਾਬ ਦੀ ਸਕੂਲ ਵੈਨਾਂ ਨੂੰ ਟੈਕਸ ਤੋਂ ਛੋਟ ਦਿੱਤੀ ਜਾਵੇ।
ਲਹਿਰਾਗਾਗਾ (ਪੱਤਰ ਪੇ੍ਰਕ): ਇਲਾਕੇ ਦੇ ਪ੍ਰਾਈਵੇਟ ਸਕੂਲਾਂ ਵੱਲੋਂ ‘ਸਿੱਖਿਆ ਬਚਾਓ, ਪੰਜਾਬ ਬਚਾਓ’ ਰੈਲੀ ਕੱਢੀ ਗਈ ਜਿਸ ਵਿੱਚ ਨਿੱਜੀ ਸਕੂਲਾਂ ਵੱਲੋਂ ਬੱਸਾਂ ਲਹਿਰਾਗਾਗਾ-ਸੁਨਾਮ ਰੋਡ ’ਤੇ ਖੜ੍ਹੀਆਂ ਕਰਕੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਪ੍ਰਾਈਵੇਟ ਸਕੂਲਾਂ ਦੀ ਹੋਂਦ ਬਚਾਉਣ ਲਈ ਇਨ੍ਹਾਂ ਦੇ ਵਾਧੂ ਦੇ ਟੈਕਸ ਮੁਆਫ ਕੀਤੇ ਜਾਣ ਤਾਂ ਜੋ ਮਾਪਿਆਂ ਤੇ ਟਰਾਂਸਪੋਰਟ ਦਾ ਬੋਝ ਘੱਟ ਸਕੇ। ਉਨ੍ਹਾਂ ਇਸ ਮੌਕੇ ਇਹ ਵੀ ਮੰਗ ਕੀਤੀ ਕਿ ਨਿੱਜੀ ਸਕੂਲਾਂ ਦੇ ਸਟਾਫ਼ ਦਾ ਪੰਜ ਲੱਖ ਰੁਪਏ ਦਾ ਬੀਮਾ ਕੀਤਾ ਜਾਵੇ।