ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 30 ਸਤੰਬਰ
ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਅੱਜ ਐਲਾਨੇ ਸਰਵੋਤਮ ਸਾਹਿਤਕ ਪੁਸਤਕ ਮੁਕਾਬਲੇ ਦੇ ਸਾਲ 2018 ਦੇ ਪੁਰਸਕਾਰ ਦੀ ਸੂਚੀ ਮੁਤਾਬਕ ਸੁਨਾਮ ਦੇ ਰਾਕੇਸ਼ ਕੁਮਾਰ ਦੀ ਚੋਣ ਪ੍ਰਿੰਸੀਪਲ ਤੇਜਾ ਸਿੰਘ (ਸੰਪਾਦਨ) ਪੁਰਸਕਾਰ ਲਈ ਕੀਤੀ ਗਈ ਹੈ। ਰਾਕੇਸ਼ ਕੁਮਾਰ ਨੂੰ ਇਹ ਪੁਰਸਕਾਰ ਉਸ ਦੀ ਪੁਸਤਕ ‘ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦਾ ਫਿਰੋਜ਼ਪੁਰ ਸ਼ਹਿਰ ਵਿਚ ਗੁਪਤ ਟਿਕਾਣਾ’ ਲਈ ਦਿਤਾ ਗਿਆ ਹੈ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਕਿਤਾਬ ਵਿਚ ਭਗਤ ਸਿੰਘ ਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਸਾਥੀਆਂ ਦੇ ਵੱਲੋਂ ਆਪਣੇ ਸੰਘਰਸ਼ਸ਼ੀਲ ਜੀਵਨ ਦੌਰਾਨ ਫਿਰੋਜ਼ਪੁਰ ਵਿਚਲੇ ਉਸ ਗੁਪਤ ਟਿਕਾਣੇ ਬਾਰੇ ਲਿਖਿਆ ਗਿਆ ਹੈ ਜਿਥੇ ਬੈਠ ਕੇ ਕ੍ਰਾਂਤੀਕਾਰੀ ਗੁਪਤ ਮੀਟਿੰਗਾਂ ਕਰਦੇ ਸਨ। ਲੇਖਕ ਨੇ ਦੱਸਿਆ ਕਿ ਖੋਜ ਪੁਸਤਕ ਤੋਂ ਬਾਅਦ ਹੀ ਪੰਜਾਬ ਸਰਕਾਰ ਨੇ ਇਸ ਗੁਪਤ ਟਿਕਾਣੇ ਨੂੰ ਇਤਿਹਾਸਕ ਇਮਾਰਤ ਦਾ ਐਲਾਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ 1 ਨਵੰਬਰ 2022 ਨੂੰ ਪੰਜਾਬ ਦਿਵਸ ਮੌਕੇ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਾਕੇਸ਼ ਕੁਮਾਰ ਦੀ ਕਿਤਾਬ ‘ਗ਼ਦਰ ਪਾਰਟੀ ਦਾ ਸਾਹਿਤ: ਬਗ਼ਾਵਤ ਦੀ ਚੰਗਿਆੜੀ’ ਨੂੰ ਵੀ ਪੁਰਸਕਾਰ ਮਿਲਿਆ ਸੀ।