ਰਵੇਲ ਸਿੰਘ ਭਿੰਡਰ
ਪਟਿਆਲਾ, 11 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਪ੍ਰਬੰਧ ਅਧੀਨ ਚੱਲ ਰਹੇ ਅਕਾਦਮਿਕ ਅਦਾਰਿਆਂ ’ਚ ਪੜ੍ਹਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਸਿੱਖਿਆ ਡਾਇਰੈਕਟਰ ਡਾ. ਤੇਜਿੰਦਰ ਕੌਰ ਧਾਲੀਵਾਲ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਸਿੱਖਿਆ ਡਾਇਰੈਕਟਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਵਿਦਿਅਕ ਸੰਸਥਾਵਾਂ ’ਚ ਜਿਥੇ ਆਨਲਾਈਨ ਪੜ੍ਹਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਉਥੇ ਸਕੂਲਾਂ ਦਾ ਦੌਰਾ ਕਰਕੇ ਪੜ੍ਹਾਈ ਤੇ ਹੋਰ ਗਤੀਵਿਧੀਆਂ ਦੀ ਪੜਚੋਲ ਕੀਤੀ ਜਾ ਰਹੀ ਹੈ। ਡਾ. ਧਾਲੀਵਾਲ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਕਿਸੇ ਵੀ ਵਿਦਿਆਰਥੀ ਦਾ ਅਕਾਦਮਿਕ ਪੱਧਰ ’ਤੇ ਕੋਈ ਨੁਕਸਾਨ ਨਾ ਹੋਵੇ ਤੇ ਬੈਠੇ ਹੀ ਗਿਆਨ ਪ੍ਰਾਪਤੀ ਆਨਲਾਈਨ ਸਾਧਨਾਂ ਰਾਹੀਂ ਯਕੀਨੀ ਬਣਾਏ ਜਾਣ ਨੂੰ ਲੈ ਕੇ ਅਚਨਚੇਤੀ ਸਕੂਲਾਂ ਦੇ ਦੌਰੇ ਕਰਕੇ ਪ੍ਰਿੰਸੀਪਲਾਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਪੱਧਰ ’ਤੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕੀ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ ਤੇ ਉਨ੍ਹਾਂ ਦਾ ਕੀ ਹੱਲ ਹੋਵੇਗਾ ਬਾਰੇ ਵੀ ਡੂੰਘੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਭਵਿੱਖ ’ਚ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵਿਦਿਆਰਥੀਆਂ ਲਈ ਇੱਕ ਵਧੀਆ ਅਕਾਦਮਿਕ ਤੇ ਪ੍ਰਬੰਧਕੀ ਮਾਹੌਲ ਪੈਦਾ ਕੀਤਾ ਜਾ ਸਕੇ ਤਾਂ ਜੋ ਉਹ ਮਹਾਮਾਰੀ ’ਚ ਆਪਣੀ ਸ਼ਖ਼ਸੀਅਤ ਦਾ ਨਿਰਮਾਣ ਕਰ ਸਕਣ। ਇਸ ਮੌਕੇ ਸਹਾਇਕ ਡਾਇਰੈਕਟਰ ਸਕੂਲ, ਪ੍ਰਿੰਸੀਪਲ ਸਤਵੰਤ ਕੌਰ ਤੋਂ ਇਲਾਵਾ ਪ੍ਰਿੰਸੀਪਲ ਗੁਰਿੰਦਰ ਕੌਰ ਤੇ ਪਿ੍ਰੰਸੀਪਲ ਸਤਵਿੰਦਰ ਕੌਰ ਵੀ ਹਾਜ਼ਰ ਸਨ।