ਖੇਤਰੀ ਪ੍ਰਤੀਨਿਧ
ਧੂਰੀ, 30 ਅਕਤੂਬਰ
ਪੰਜਾਬ ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਕੋਰ ਕਮੇਟੀ ਮੈਂਬਰ ਕ੍ਰਿਸ਼ਨ ਲਾਲ ਜਸੂਜਾ ਦੀ ਅਗਵਾਈ ਹੇਠ ਸੰਗਰੂਰ ਰੋਡ ’ਤੇ ਸਥਿਤ ਇਕ ਪੈਲੇਸ ਵਿੱਚ ਹੋਈ। ਮੀਟਿੰਗ ਦੌਰਾਨ ਰਿਟੇਲ ਕਰਿਆਨਾ ਵਪਾਰੀਆਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ- ਵਟਾਂਦਰਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਭਰ ਅੰਦਰ ਵਪਾਰੀ ਆਰਥਿਕ ਮੰਦੀ ਦਾ ਸ਼ਿਕਾਰ ਹਨ ਅਤੇ ਪੰਜਾਬ ਸਰਕਾਰ ਨੂੰ ਵਪਾਰੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਜਿਹੇ ਬੋਰਡ ਦਾ ਗਠਨ ਕਰਨਾ ਚਾਹੀਦਾ ਹੈ, ਜਿਸ ਵਿੱਚ ਵਪਾਰੀਆਂ ਨੂੰ ਸ਼ਾਮਲ ਕੀਤਾ ਜਾਵੇ। ਉਪਰੰਤ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ਦੌਰਾਨ ਸਰਬਸੰਮਤੀ ਦੇ ਨਾਲ ਪ੍ਰਮੋਦ ਗੁਪਤਾ ਧੂਰੀ ਨੂੰ ਪ੍ਰਧਾਨ ਚੁਣ ਲਿਆ ਗਿਆ। ਉਪਰੰਤ ਕ੍ਰਿਸ਼ਨ ਲਾਲ ਜਸੂਜਾ ਵੱਲੋਂ ਪ੍ਰਮੋਦ ਗੁਪਤਾ ਦੀ ਤਾਜਪੋਸ਼ੀ ਦੀ ਰਸਮ ਅਦਾ ਕਰਵਾਈ ਗਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਮੋਦ ਗੁਪਤਾ ਨੇ ਕਿਹਾ ਕਿ ਉਹ ਐਸੋਸੀਏਸ਼ਨ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਦੇ ਹੋਏ ਕਰਿਆਣਾ ਵਪਾਰੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਸੰਦੀਪ ਤਾਇਲ, ਪਵਨ ਮੋਦਗਿੱਲ ਮੋਗਾ, ਰਾਜਨ ਕੁੱਕੜ ਫਾਜ਼ਿਲਕਾ, ਅਰੁਣ ਗੁਪਤਾ ਅਬੋਹਰ, ਰਾਕੇਸ਼ ਦੁੱਗਲ ਗੁਰਾਇਆਂ ਮੌਜੂਦ ਸਨ।