ਬੀਰਬਲ ਰਿਸ਼ੀ
ਸ਼ੇਰਪੁਰ, 12 ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਅੱਜ ਪਿੰਡ ਘਨੌਰੀ ਕਲਾਂ ਵਿੱਚ ਉਸ ਸਮੇਂ ਪਾਵਰਕੌਮ ਦਫ਼ਤਰ ਸ਼ੇਰਪੁਰ-2 ਦੇ ਅਧਿਕਾਰੀ ਅਤੇ ਮੁਲਾਜ਼ਮਾਂ ਦਾ ਘਿਰਾਓ ਕਰ ਲਿਆ ਜਦੋਂ ਉਹ ਬਿਜਲੀ ਬਿੱਲ ਨਾ ਭਰ ਸਕਣ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੇ ਮੀਟਰਾਂ ਦੀਆਂ ਤਾਰਾਂ ਲਾਹ ਕੇ ਵਾਪਸ ਆ ਰਹੇ ਸਨ।
ਬੀਕੇਯੂ ਏਕਤਾ ਉਗਰਾਹਾਂ ਦੇ ਮੀਤ ਪ੍ਰਧਾਨ ਬਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ 2014 ਤੋਂ ਮੀਟਰ ਬਾਹਰ ਕੱਢੇ ਹੋਏ ਹਨ ਪਰ ਪਿਛਲੇ ਸਮੇਂ ਦੌਰਾਨ ਪਾਵਰਕੌਮ ਨੇ ਇਹ ਕਹਿੰਦਿਆਂ 70 ਹਜ਼ਾਰ ਰੁਪਏ ਦਾ ਬਿੱਲ ਭੇਜ ਦਿੱਤਾ ਕਿ ਮੀਟਰ ਨਾਲ ਛੇੜਛਾੜ ਹੋਈ ਹੈ। ਇਸ ਸਬੰਧੀ ਇਨਸਾਫ਼ ਲਈ ਸਬੰਧਤ ਅਧਿਕਾਰੀਆਂ ਨੂੰ ਵਾਰ-ਵਾਰ ਮਿਲੇ ਪਰ ਮਸਲਾ ਹੱਲ ਨਹੀਂ ਹੋਇਆ ਜਿਸ ਕਰਕੇ ਉਸ ਨੇ ਇਹ ਬਿੱਲ ਨਾ ਭਰਨ ਕਰਕੇ ਉਸ ਦਾ ਕੁਨੈਕਸ਼ਨ ਕੱਟਣ ਆਏ ਪਾਵਰਕੌਮ ਮੁਲਾਜ਼ਮਾਂ ਨੂੰ ਸਾਥੀਆਂ ਸਮੇਤ ਘੇਰਿਆ। ਕਿਸਾਨ ਆਗੂ ਕੁਲਵੰਤ ਸਿੰਘ ਘਨੌਰੀ ਅਤੇ ਕਰਮਜੀਤ ਸਿੰਘ ਨੇ ਬਿਜਲੀ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਕਾਂਗਰਸੀ ਅਕਾਲੀਆਂ ਦੀ ਸਰਕਾਰ ਨਹੀਂ ਸਗੋਂ ਲੋਕਾਂ ਦੀ ਸਰਕਾਰ ਆ ਚੁੱਕੀ ਹੈ ਜਿਸ ਕਰਕੇ ਮੁਲਾਜ਼ਮਾਂ ਵੱਲੋਂ ਮਜ਼ਦੂਰਾਂ ਤੇ ਕਿਸਾਨਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਿੰਡ ਵਿੱਚ ਮਜ਼ਦੂਰ ਮੇਜਰ ਸਿੰਘ ਦਾ 4000 ਹਜ਼ਾਰ ਬਿਜਲੀ ਬਿੱਲ, ਦੁਕਾਨਦਾਰ ਦੇ ਦੋ ਬਿੱਲ ਅੱਜ ਹਜ਼ਾਰ ਰੁਪਏ, ਇੱਕ ਹੋਰ ਵਿਆਕਤੀ ਦਾ ਨੌ ਹਜ਼ਾਰ ਰੁਪਏ ਅਤੇ ਨਛੱਤਰ ਕੌਰ ਦਾ ਨੌਂ ਹਜ਼ਾਰ ਰੁਪਏ ਦਾ ਬਿੱਲ ਨਾ ਭਰ ਜਾਣ ਕਾਰਨ ਕੁਨੈਕਸ਼ਨ ਕੱਟੇ ਗਏ ਸਨ ਜੋ ਕਿਸਾਨ ਜਥੇਬੰਦੀ ਨੇ ਮੌਕੇ ’ਤੇ ਬਿਜਲੀ ਮੁਲਾਜ਼ਮਾਂ ਵੱਲੋਂ ਹੀ ਮੁੜ ਲਗਵਾਏ ਜਾਣ ਦਾ ਦਾਅਵਾ ਕੀਤਾ। ਜੂਨੀਅਰ ਇੰਜਨੀਅਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਬਲਵੰਤ ਸਿੰਘ ਦੇ 9 ਫਰਵਰੀ 2020 ਤੋਂ ਬਿੱਲ ਦੀ ਸਮੱਸਿਆ ਵਾਰ-ਵਾਰ ਲਿਸਟ ਵਿੱਚ ਆ ਰਹੀ ਸੀ ਜਿਸ ਕਰਕੇ ਉਨ੍ਹਾਂ ਸਮੇਤ ਹੋਰ ਕੁਨੈਕਸ਼ਨ ਕੱਟੇ ਗਏ ਸਨ ਪਰ ਕਿਸਾਨ ਜਥੇਬੰਦੀ ਨੇ ਉਨ੍ਹਾਂ ਦਾ ਘਿਰਾਓ ਕੀਤਾ ਅਤੇ ਹੁਣ ਪੰਜ ਚਾਰ ਦਿਨ ਦਾ ਸਮਾਂ ਮੰਗਿਆ ਹੈ।