ਬੀਰਬਲ ਰਿਸ਼ੀ
ਸ਼ੇਰਪੁਰ, 22 ਜੂਨ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੌਰਾਨ ਪਾਵਰਕੌਮ ਡਿਵੀਜ਼ਨ ਧੂਰੀ ਅਧੀਨ ਪੈਂਦੇ ਦਫ਼ਤਰਾਂ ਵਿੱਚੋਂ ਬਹੁਗਿਣਤੀ ਅਧਿਕਾਰੀ/ਮੁਲਾਜ਼ਮ ਅਤੇ ਟੈਕਨੀਕਲ ਸਟਾਫ਼ ਚੋਣ ਡਿਊਟੀ ’ਤੇ ਲੱਗਾ ਹੋਣ ਕਾਰਨ ਆਮ ਲੋਕ ਖ਼ੁਆਰ ਹੋ ਰਹੇ ਹਨ। ਪਾਵਰਕੌਮ ਦਾ ਬਹੁਗਿਣਤੀ ਅਮਲਾ ਚੋਣ ਡਿਊਟੀ ’ਤੇ ਹੋਣ ਕਾਰਨ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਅੱਠ ਘੰਟੇ ਬਿਜਲੀ ਸਪਲਾਈ ਰੱਬ ਆਸਰੇ ਚੱਲ ਰਹੀ ਹੈ। ਉੱਧਰ, ਖੇਤੀਵਾੜੀ ਮੋਟਰਾਂ ਦਾ ਲੋਡ ਵਧਾਉਣ ਲਈ ਚੱਲ ਰਹੀ ਬੀਡੀਐੱਸ ਸਕੀਮ ਸਬੰਧੀ ਦਫ਼ਤਰ ਪੁੱਜ ਰਹੇ ਕਿਸਾਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਡਿਵੀਜ਼ਨ ਅੰਦਰ ਤਕਰੀਬਨ 170 ਲਾਈਨਾਂ ਚੱਲਦੀਆਂ ਹਨ ਜਦੋਂ ਕਿ ਡਿਵੀਜ਼ਨ ਅਧੀਨ ਆਉਂਦੇ ਦਫ਼ਤਰਾਂ ਵਿੱਚ ਲਾਈਨਮੈਨਾਂ ਦੀਆਂ 149 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 109 ਖਾਲੀ ਹਨ। ਬਾਕੀ ਬਚੇ 40 ਵਿੱਚੋਂ 22 ਲਾਈਨਮੈਨ ਚੋਣ ਡਿਊਟੀ ’ਤੇ ਚਲੇ ਗਏ ਹਨ। ਇਸੇ ਤਰ੍ਹਾਂ ਸਹਾਇਕ ਲਾਈਨਮੈਨ ਦੀਆਂ ਮਨਜ਼ੂਰਸ਼ੁਦਾ ਕੁੱਲ ਅਸਾਮੀਆਂ 257 ਹਨ ਜਿਨ੍ਹਾਂ ਵਿੱਚੋਂ 77 ਖਾਲੀ ਹਨ। ਭਰੀਆਂ ਹੋਈਆਂ ਕੁੱਲ 180 ਅਸਾਮੀਆਂ ਵਿੱਚੋਂ 104 ਏਐੱਲਐੱਮ ਚੋਣ ਡਿਊਟੀ ’ਤੇ ਹਨ।
ਪਾਵਰਕੌਮ ਸ਼ੇਰਪੁਰ-2 ਦੇ ਦਫ਼ਤਰ ਵਿੱਚ ਐੱਸਡੀਓ ਨੂੰ ਛੱਡ ਕੇ ਸਾਰਾ ਕਲੈਰੀਕਲ ਸਟਾਫ਼ ਚੋਣ ਡਿਊਟੀ ’ਤੇ ਹੈ, ਜਿਸ ਕਰ ਕੇ ਅਤਿ ਦੀ ਗਰਮੀ ਵਿੱਚ ਆਪਣੇ ਕੰਮ ਕਰਵਾਉਣ ਆਏ ਲੋਕਾਂ ਨੂੰ ਨਿਰਾਸ਼ ਪਰਤਣਾ ਪੈ ਰਿਹਾ ਹੈ। ਦੋ ਜੂਨੀਅਰ ਇੰਜਨੀਅਰ ਤੇ ਪੰਜ ਸਹਾਇਕ ਲਾਈਨਮੈਨ 10 ਪਿੰਡਾਂ ਦੇ 22 ਫੀਡਰਾਂ ਦੀ ਬਿਜਲੀ ਸਪਲਾਈ ਬਹਾਲ ਰੱਖਣ ਲਈ ਜੱਦੋ-ਜਹਿਦ ਕਰ ਰਹੇ ਹਨ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਹੈ, ਸੰਘਰਸ਼ਾਂ ਨਾਲ ਸ਼ੁਰੂ ਕਰਵਾਈ ਬੀਡੀਐੱਸ ਸਕੀਮ ਚੱਲ ਰਹੀ ਹੈ ਪਰ ਪਾਵਰਕੌਮ ਦਫ਼ਤਰ ਖਾਲੀ ਹੋਣੇ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਕਾਰਵਾਈ ਦਾ ਹਰਜਾਨਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਵੱਡੀ ਗਿਣਤੀ ਮੁਲਾਜ਼ਮ ਚੋਣ ਡਿਊਟੀ ’ਤੇ ਹਨ: ਅਧਿਕਾਰੀ
ਸ਼ੇਰਪੁਰ-1 ਦੇ ਐੱਸਡੀਓ ਕੁਲਜਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਦਫ਼ਤਰ ਵਿੱਚ ਕੁੱਲ 35 ਟੈਕਨੀਕਲ ਮੁਲਾਜ਼ਮਾਂ ਵਿੱਚੋਂ 26 ਅਤੇ ਕਲੈਰੀਕਲ ਦੇ ਕੁੱਲ ਸੱਤ ਵਿੱਚੋਂ ਛੇ ਮੁਲਾਜ਼ਮ ਚੋਣ ਡਿਊਟੀ ’ਤੇ ਹਨ। ਉੱਧਰ, ਐਕਸੀਅਨ ਮਨੋਜ ਕੁਮਾਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਹ ਵੀ ਚੋਣ ਡਿਊਟੀ ’ਤੇ ਭਵਾਨੀਗੜ੍ਹ ਵਿੱਚ ਹਨ। ਉਨ੍ਹਾਂ ਬਹੁਗਿਣਤੀ ਸਟਾਫ਼ ਚੋਣ ਡਿਊਟੀ ’ਤੇ ਹੋਣ ਦੀ ਪੁਸ਼ਟੀ ਵੀ ਕੀਤੀ।