ਹਰਦੀਪ ਸਿੰਘ ਸੋਢੀ
ਧੂਰੀ, 27 ਅਗਸਤ
ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਪਾਵਰਕੌਮ ਦੇ ਮੁਲਾਜ਼ਮਾਂ ਨੂੰ ਕੁਤਾਹੀ ਰਕਮ ਇਕੱਠੀ ਕਰਨ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ।
ਪਾਵਰਕੌਮ ਦੇ ਜੇਈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅੰਦਰ ਜਾ ਕੇ ਲੋਕਾਂ ਤੋਂ ਕੁਤਾਹੀ ਰਕਮ ਇੱਕਠੀ ਕਰਨ ਜਾਂਦੀ ਹੈ ਪਰ ਜ਼ਿਆਦਾਤਰ ਲੋਕ ਪਾਵਰਕੌਮ ਦੀ ਟੀਮ ਨੂੰ ਇਹ ਕਹਿ ਕੇ ਮੋੜ ਦਿੰਦੇ ਹਨ ਕਿ ਉਨ੍ਹਾਂ ਦਾ ਸਮੁੱਚਾ ਪਰਿਵਾਰ ਕਰੋਨਾਵਾਇਰਸ ਤੋਂ ਪੀੜਤ ਹੈ ਤੇ ਉਹ ਮਹਿਕਮੇ ਦੀ ਕੁਤਾਹੀ ਰਕਮ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਕੁਤਾਹੀ ਰਕਮ ਇਕੱਠੀ ਕਰਨ ਵਾਲੇ ਮੁਲਾਜ਼ਮ ਜਦੋਂ ਅਜਿਹੇ ਘਰਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਰੋਨਾਵਾਇਰਸ ਮਹਾਮਾਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਦਾ ਸਿੱਧਾ ਅਸਰ ਰੋਜ਼ਾਨਾ ਕਰੀਬ ਡੇਢ ਲੱਖ ਰੁਪਏ ਇਕੱਠੀ ਹੋਣ ਵਾਲੀ ਕੁਤਾਹੀ ਰਕਮ ਉੱਤੇ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਇਸ ਮੁਸ਼ਕਿਲ ਸਬੰਧੀ ਉਨ੍ਹਾਂ ਆਪਣੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੋਇਆ ਹੈ ਤੇ ਉਨ੍ਹਾਂ ਵੱਲੋਂ ਕਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਸਬੰਧੀ ਜ਼ਰੂਰਤ ਦਾ ਸਾਮਾਨ ਪਾਵਰਕੌਮ ਦੀ ਟੀਮ ਨੂੰ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਇਸ ਮੌਕੇ ਰਵੀ ਕੁਮਾਰ, ਧਰਿੰਦਰ ਸਿੰਘ, ਸਤਵੰਤ ਸਿੰਘ, ਦਵਿੰਦਰ ਕੁਮਾਰ, ਗੁਰਵੀਰ ਸਿੰਘ, ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ ਤੇ ਹੋਰ ਮੈਂਟੀਨੈਂਸ ਸਟਾਫ਼ ਦੇ ਮੈਂਬਰ ਹਾਜ਼ਰ ਸਨ।
ਕੀ ਕਹਿੰਦੇ ਨੇ ਅਧਿਕਾਰੀ
ਪਾਵਰਕੌਮ ਦੇ ਐਕਸੀਅਨ ਮਨੋਜ ਕੁਮਾਰ ਗਰਗ ਨੇ ਕਿਹਾ ਕਿ ਮਹਿਕਮੇ ਦੀ ਕੁਤਾਹੀ ਰਕਮ ਇਕੱਠੀ ਕਰਨ ਵਾਲੀ ਟੀਮ ਦੇ ਮੈਂਬਰਾਂ ਲਈ ਕਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਲਈ ਦਸਤਾਨੇ, ਮਾਸਕ, ਸੈਨੇਟਾਈਜ਼ਰ, ਮੂੰਹ ’ਤੇ ਲਾਉਣ ਲਈ ਮਾਸਕ ਆਦਿ ਸਾਮਾਨ ਵਾਲੀ ਕਿੱਟ ਜਲਦੀ ਮਹੁੱਈਆ ਕਰਵਾ ਦਿੱਤੀ ਜਾਵੇਗੀ।