ਸ਼ੇਰਪੁਰ: ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਰਾਖਵਾਂ ਤੋਂ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਹਲਕੇ ਨਾਲ ਜੁੜੇ ਬਲਾਕ ਸ਼ੇਰਪੁਰ ਦੇ 21 ਪਿੰਡਾਂ ਵਿੱਚੋਂ ਦੀ ਵੱਡਾ ਕਾਫ਼ਲਾ ਕੱਢ ਕੇ ਸ਼ਕਤੀ ਪ੍ਰਦਰਸ਼ਨ ਕੀਤਾ। ਪਾਰਟੀ ਦੇ ਮੋਹਰੀ ਆਗੂ ਗੁਰਦੀਪ ਸਿੰਘ ਅਲੀਪੁਰ ਨੇ ਦੱਸਿਆ ਕਿ ਦਿੱਲੀ ਦੇ ਕਿਸਾਨ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਬੇਵਕਤੀ ਮੌਤ ’ਤੇ ਅੱਜ ਸਵੇਰ ਕਾਫ਼ਲਾ ਰਵਾਨਾ ਕੀਤੇ ਜਾਣ ਤੋਂ ਪਹਿਲਾਂ ਸਮੂਹ ਆਗੂ ਵਰਕਰਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ। ‘ਆਪ’ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਨੇ ਦਾਅਵਾ ਕੀਤਾ ਕਿ ਲੋਕਾਂ ਵਿੱਚ ਇਸ ਵਾਰ ਬਦਲਾਅ ਲਿਆਉਣ ਦੀ ਤਾਂਘ ਨੇ ਉਸ ਦੇ ਹੌਸਲੇ ਨੂੰ ਹੋਰ ਬਲ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਉਹ ਹਲਕਾ ਮਹਿਲ ਕਲਾਂ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਅਥਾਹ ਪਿਆਰ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ। -ਪੱਤਰ ਪ੍ਰੇਰਕ