ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਫਰਵਰੀ
ਪੰਜਾਬ ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਲ੍ਹੇ ’ਚ 593 ਪੋਲਿੰਗ ਸਟੇਸ਼ਨਾਂ ਇਮਾਰਤਾਂ ਵਿੱਚ 1006 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਜ਼ਿਲ੍ਹੇ ਦੇ ਪੰਜ ਸੰਗਰੂਰ, ਧੂਰੀ, ਸੁਨਾਮ, ਲਹਿਰਾ ਅਤੇ ਦਿੜ੍ਹਬਾ ਵਿਧਾਨ ਸਭਾ ਹਲਕਿਆਂ ਦੇ ਕੁੱਲ 9 ਲੱਖ 5 ਹਜ਼ਾਰ 831 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ। ਸਮੁੱਚੀ ਚੋਣ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ ਅੰਦਰ 7306 ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਵੱਖ-ਵੱਖ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਮੇਤ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋ ਗਈਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ ਪੰਜ ਵਿਧਾਨ ਸਭਾ ਹਲਕਿਆਂ ਵਿਚ ਕੁੱਲ 55 ਉਮੀਦਵਾਰ ਚੋਣ ਮੈਦਾਨ ਵਿਚ ਹਨ। ਜ਼ਿਲ੍ਹੇ ’ਚ ਕੁੱਲ 9 ਲੱਖ, 5 ਹਜ਼ਾਰ, 831 ਵੋਟਰ ਹਨ। ਉਨਾਂ ਦੱਸਿਆ ਕਿ ਵੋਟ ਪਾਉਣ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲੇਗੀ।
ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਨਾਗਰਿਕ ਨੂੰ ਵੋਟ ਪਾਉਣ ਦੇ ਇਵਜ਼ ਵਿੱਚ ਧਨ ਜਾਂ ਉਪਹਾਰ ਦੀ ਪੇਸ਼ਕਸ਼ ਕਰਦਾ ਹੈ ਜਾਂ ਡਰਾਉਂਦਾ ਜਾਂ ਧਮਕਾਉਦਾ ਹੈ ਤਾਂ ਇਸ ਸਬੰਧੀ 24 ਘੰਟੇ ਕੰਮ ਕਰਨ ਵਾਲੇ ਸ਼ਿਕਾਇਤ ਸੈੱਲ ਵਿੱਚ ਟੋਲ ਫਰੀ ਫੋਨ ਨੰਬਰ 1950 ’ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਹਲਕਾ ਸੰਗਰੂਰ ਤੋਂ ਵੱਖ ਵੱਖ ਪਾਰਟੀਆਂ ਤੇ ਧਿਰਾਂ ਦੇ ਉਮੀਦਵਾਰਾਂ ਵੱਲੋਂ ਭਵਾਨੀਗੜ੍ਹ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿੱਚ ਚੋਣ ਬੂਥਾਂ ’ਤੇ ਵੋਟਾਂ ਭੁਗਤਾਉਣ ਲਈ ਸਹਾਇਕ ਸਮੱਗਰੀ ਸਮੇਤ ਆਪਣੀਆਂ ਆਪਣੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਇੱਥੇ ਸ਼ਹਿਰ ਦੇ ਵੱਖ ਵੱਖ ਚੋਣ ਬੂਥਾਂ ਦੇ ਨੇੜੇ ਕਾਂਗਰਸ, ‘ਆਪ’, ਅਕਾਲੀ ਦਲ ਅਤੇ ਭਾਜਪਾ ਸਮੇਤ ਸਾਰੀਆਂ ਧਿਰਾਂ ਨੇ ਟੈਂਟ ਲਗਾ ਦਿੱਤੇ ਹਨ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਵਿਧਾਨ ਸਭਾ ਚੋਣਾਂ ਲਈ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਚੋਣ ਅਮਲਾ ਈ.ਵੀ.ਐਮਜ਼ ਅਤੇ ਹੋਰ ਲੋੜੀਂਦੀ ਚੋਣ ਸਮੱਗਰੀ ਲੈ ਕੇ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋ ਗਿਆ।
ਹਲਕਾ ਰਾਜਪੁਰਾ ਦੇ ਚੋਣ ਅਧਿਕਾਰੀ ਡਾਂ. ਸੰਜੀਵ ਕੁਮਾਰ ਨੇ ਦੱਸਿਆ ਕਿ ਰਾਜਪੁਰਾ ਵਿਧਾਨ ਸਭਾ ਹਲਕੇ ’ਚ ਚੋਣ ਅਮਲ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸੇ ਦੌਰਾਨ ਹਲਕਾ ਘਨੌਰ ਦੇ ਚੋਣ ਅਧਿਕਾਰੀ ਮਨਜੀਤ ਸਿੰਘ ਚੀਮਾਂ ਨੇ ਦੱਸਿਆ ਕਿ ਹਲਕੇ ਦੇ 210 ਪੋਲਿੰਗ ਸਟੇਸ਼ਨਾਂ ਵਿੱਚੋਂ 61 ਸਵੇਦਨਸ਼ੀਲ ਹਨ। ਸਾਰੇ ਪੋਲਿੰਗ ਸਟੇਸ਼ਨਾਂ ’ਤੇ ਸੁਰੱਖਿਆ ਪ੍ਰਬੰਧ ਮੁਕੰਮਲ ਹਨ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਵਿਧਾਨ ਸਭਾ ਹਲਕਾ ਸ਼ੁਤਰਾਣਾ ਲਈ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਪੋਲਿੰਗ ਪਾਰਟੀਆਂ ਨੂੰ ਐੱਸਡੀਐੱਮ ਪਾਤੜਾਂ ਤੇ ਚੋਣ ਅਧਿਕਾਰੀ ਅੰਕੁਰਜੀਤ ਸਿੰਘ ਦੀ ਦੇਖ-ਰੇਖ ਹੇਠ ਸਰਕਾਰੀ ਕਿਰਤੀ ਕਾਲਜ ਨਿਆਲ ਵਿੱਚ ਪੋਲਿੰਗ ਟੀਮਾਂ ਨੂੰ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ।
ਇਸ ਮੌਕੇ ਡੀਐੱਸਪੀ ਪਾਤੜਾਂ ਰਛਪਾਲ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਪਟਿਆਲਾ ਅਤੇ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਵਿਸ਼ੇਸ਼ ਤੌਰ ਤੇ ਦੌਰਾ ਕਰਕੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਚੋਣ ਅਧਿਕਾਰੀ ਕਮ ਐਸਡੀਐਮ ਪਾਤੜਾਂ ਅੰਕੁਰ ਜੀਤ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸ਼ੁਤਰਾਣਾ ਲਈ 205 ਪੋਲਿੰਗ ਬੂਥਾਂ ਉੱਤੇ ਵੋਟਿੰਗ ਕਰਵਾਉਣ ਲਈ ਪ੍ਰਬੰਧ ਕੀਤੇ ਗਏ ਹਨ ਅਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।