ਬੀਰਬਲ ਰਿਸ਼ੀ
ਸ਼ੇਰਪੁਰ, 26 ਫਰਵਰੀ
ਪੰਜਾਬ ਪ੍ਰਦੇਸ਼ ਕਾਂਗਰਸ ਦੀ ਆਗੂ ਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਵੱਲੋਂ ਹਲਕਾ ਮਹਿਲ ਕਲਾਂ ਨਾਲ ਸਬੰਧਤ ਸ਼ੇਰਪੁਰ ਬਲਾਕ ਦੇ ਕਈ ਪਿੰਡਾਂ ’ਚ ਉਪਰੋਥਲੀ ਰੱਖੇ ਜਾ ਰਹੇ ਨੀਂਹ ਪੱਥਰਾਂ ’ਤੇ ਵਿਰੋਧੀਆਂ ਨੇ ਸਵਾਲ ਚੁੱਕੇ ਹਨ। ਪਿੰਡ ਖੇੜੀ ਕਲਾਂ ਨਾਲ ਸਬੰਧਤ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਕਿਹਾ ਕਿ ਸਾਬਕਾ ਵਿਧਾਇਕਾ ਬੀਬੀ ਘਨੌਰੀ ਵੱਲੋਂ ਧੜਾਧੜ ਨੀਂਹ ਪੱਥਰ ਰੱਖੇ ਜਾ ਰਹੇ ਹਨ ਜੋ ਜਿੱਥੇ ਨਿਯਮਾਂ ਦੀ ਉਲੰਘਣਾ ਹੈ ਉਥੇ ਇਹ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਚੁੱਪ ’ਤੇ ਵੀ ਪ੍ਰਸ਼ਨ ਚਿੰਨ੍ਹ ਹੈ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦੇ ਨੀਂਹ ਪੱਥਰਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਬੀਬੀ ਘਨੌਰੀ ਜਿੱਥੇ ਮੁੱਖ ਮੰਤਰੀ ਦੇ ਨਿਰਧਾਰਤ ਜ਼ਾਬਤੇ ਦੀ ਉਲੰਘਣਾ ਕਰ ਰਹੀ ਹੈ ਉਥੇ ਬਿਨਾਂ ਕਿਸੇ ਸਬੰਧਤ ਅਧਿਕਾਰੀ ਦੀ ਮੌਜੂਦਗੀ ਵਿੱਚ ਉਕਤ ਕਾਰਜ ਪੂਰੀ ਤਰ੍ਹਾਂ ਗੈਰਕਾਨੂੰਨੀ ਹਨ। ਵਿਧਾਇਕ ਪੰਡੋਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੀਂਹ ਪੱਥਰ ਲਗਾਏ ਜਾਣ ਦੇ ਮਾਮਲੇ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਚੁੱਕਣ ਦਾ ਵੀ ਐਲਾਨ ਕੀਤਾ। ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਲਈ ਏਡੀਸੀ (ਡੀ) ਦੀ ਡਿਊਟੀ ਲਗਾਈ ਹੈ।
ਭਗਵੰਤ ਮਾਨ ਤੋਂ ਗਰਾਂਟ ਲੈਣ ਵਿਧਾਇਕ: ਬੀਬੀ ਘਨੌਰੀ
ਸਾਬਕਾ ਕਾਂਗਰਸੀ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਕਾਸ ਕਰ ਰਹੀ ਹੈ, ਜਿਸ ਦਾ ਪ੍ਰਚਾਰ ਕਰਨਾ ਉਨ੍ਹਾਂ ਦਾ ਹੱਕ ਹੈ ਪਰ ਜੇਕਰ ਵਿਧਾਇਕ ਪੰਡੌਰੀ ਆਪਣੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਤੋਂ ਗਰਾਂਟਾਂ ਲਿਆਕੇ ਇਲਾਕੇ ’ਚ ਵੰਡੇ ਤਾਂ ਉਹ ਜਿੰਨੇ ਮਰਜ਼ੀ ਨੀਂਹ ਪੱਥਰ ਰੱਖ ਲੈਣ।