ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਫਰਵਰੀ
ਸੰਗਰੂਰ ਜ਼ਿਲ੍ਹੇ ’ਚ ਵਿਧਾਨ ਸਭਾ ਹਲਕਿਆਂ ਦੀ ਚੋਣ ਜੰਗ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਪਤਨੀਆਂ ਲਈ ਵੀ ਵੱਕਾਰ ਦਾ ਸਵਾਲ ਬਣ ਗਈ ਹੈ ਕਿਉਂਕਿ ਇਨ੍ਹਾਂ ਦੇ ਪਤੀਆਂ ਦਾ ਵੱਕਾਰ ਇਸ ਚੋਣ ਜੰਗ ਵਿੱਚ ਦਾਅ ’ਤੇ ਲੱਗਿਆ ਹੋਇਆ ਹੈ। ਆਪਣੇ ਸਿਰ ਦੇ ਸਾਈਂ ਦੀ ਜਿੱਤ ਯਕੀਨੀ ਬਣਾਉਣ ਲਈ ਪਤਨੀਆਂ ਨੇ ਦਿਨ-ਰਾਤ ਇੱਕ ਕਰ ਰੱਖਿਆ ਹੈ। ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਪਤੀ ਦੀ ਜਿੱਤ ਦੇ ਝੰਡੇ ਬੁਲੰਦ ਕਰਨ ਲਈ ਪਤਨੀਆਂ ਨੂੰ ਵੋਟਾਂ ਲਈ ਵੋਟਰਾਂ ਅੱਗੇ ਹੱਥ ਬੰਨ੍ਹ ਰਹੀਆਂ ਹਨ।
ਇਸ ਹਲਕੇ ਤੋਂ ਕਾਂਗਰਸ ਉਮੀਦਵਾਰ ਵਿਜੈਇੰਦਰ ਸਿੰਗਲਾ ਦੀ ਪਤਨੀ ਦੀਪਾ ਸਿੰਗਲਾ ਪਤੀ ਦੀ ਜਿੱਤ ਮੁੜ ਯਕੀਨੀ ਬਣਾਉਣ ਲਈ ਚੋਣ ਪ੍ਰਚਾਰ ’ਚ ਜੁਟੇ ਹੋਏ ਹਨ। ਉਹ ਆਪਣੇ ਪਤੀ ਵਲੋਂ ਹਲਕੇ ’ਚ ਕੀਤੇ ਵਿਕਾਸ ਕਾਰਜਾਂ ਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਨ। ਇਸ ਤੋਂ ਸਿੰਗਲਾ ਦਾ ਪੁੱਤਰ ਮੋਹਿਤ ਸਿੰਗਲਾ, ਧੀ ਗੌਰੀ ਸਿੰਗਲਾ, ਭੈਣਾਂ ਰਾਧਿਕਾ ਅਤੇ ਕਮਲ ਨੇ ਵੀ ਚੋਣ ਪ੍ਰਚਾਰ ਦਾ ਮੋਰਚਾ ਸੰਭਾਲਿਆ ਹੋਇਆ ਹੈ। ਸੰਗਰੂਰ ਹਲਕੇ ਤੋਂ ਹੀ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੀ ਪਤਨੀ ਸ਼ਗੁਨ ਖੰਨਾ ਵੀ ਆਪਣੇ ਪਤੀ ਦੇ ਸਿਰ ਜਿੱਤ ਦਾ ਸਿਹਰਾ ਬੰਨ੍ਹਣ ਲਈ ਪੂਰੀ ਵਾਹ ਲਗਾ ਰਹੇ ਹਨ। ਸ਼ਗੁਨ ਖੰਨਾ ਪਹਿਲਾਂ ਸੰਨ 2002 ’ਚ ਆਪਣੇ ਪਤੀ ਲਈ ਇਸ ਹਲਕੇ ’ਚ ਚੋਣ ਪ੍ਰਚਾਰ ਕਰ ਚੁੱਕੇ ਹਨ। ਫਰਕ ਏਨਾ ਹੈ ਕਿ ਸੰਨ 2002 ’ਚ ਉਨ੍ਹਾਂ ਇੱਕ ਕਾਂਗਰਸੀ ਉਮੀਦਵਾਰ ਦੀ ਪਤਨੀ ਵਜੋਂ ਚੋਣ ਨਿਸ਼ਾਨ ‘ਪੰਜੇ’ ਲਈ ਵੋਟਾਂ ਮੰਗੀਆਂ ਸੀ ਅਤੇ ਹੁਣ ਭਾਜਪਾਈ ਰੰਗ ’ਚ ਰੰਗੇ ਆਪਣੇ ਪਤੀ ਦੇ ਹੱਕ ਵਿੱਚ ਚੋਣ ਨਿਸ਼ਾਨ ‘ਕਮਲ ਦੇ ਫੁੱਲ’ ਲਈ ਵੋਟਾਂ ਮੰਗ ਰਹੇ ਹਨ।
ਇਸੇ ਹਲਕੇ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੀ ਪਤਨੀ ਕਿਰਨਦੀਪ ਕੌਰ ਵੀ ਪਤੀ ਦੀ ਜਿੱਤ ਲਈ ਘਰ ਘਰ ਪ੍ਰਚਾਰ ’ਚ ਜੁਟੇ ਹੋਏ ਹਨ। ਗੋਲਡੀ ਦੇ ਮਾਤਾ-ਪਿਤਾ, ਚਾਚੀ, ਸਾਲਾ ਅਤੇ ਸਾਲੇਹਾਰ ਤੋਂ ਇਲਾਵਾ ਹੋਰ ਰਿਸ਼ਤੇਦਾਰਾਂ ਨੇ ਵੀ ਗੋਲਡੀ ਦੀ ਪਲੇਠੀ ਵਿਧਾਨ ਸਭਾ ਚੋਣ ’ਚ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ।
ਲਹਿਰਾਗਾਗਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਜੀਤ ਕੌਰ ਢੀਂਡਸਾ ਦਾ ਚੋਣ ਪ੍ਰਚਾਰ ਲਈ ਲੰਮਾ ਤਜਰਬਾ ਹੈ। ਉਹ ਹਰ ਚੋਣ ’ਚ ਪਤੀ ਦੀ ਜਿੱਤ ਦੇ ਝੰਡੇ ਬੁਲੰਦ ਕਰਨ ’ਚ ਸਫ਼ਲ ਹੀ ਹੋਏ ਹਨ ਕਿਉਂਕਿ ਉਨ੍ਹਾਂ ਦੇ ਪਤੀ ਨੇ ਕਦੇ ਹਾਰ ਦਾ ਮੂੰਹ ਨਹੀਂ ਦੇਖਿਆ। ਇਸ ਵਾਰ ਚੋਣ ਜੰਗ ਸੌਖੀ ਨਹੀਂ ਅਤੇ ਮੁਕਾਬਲਾ ਸਖਤ ਬਣਿਆ ਹੋਇਆ । ਗਗਨਜੀਤ ਕੌਰ ਵੀ ਪਤੀ ਦੀ ਜਿੱਤ ਲਈ ਸਖਤ ਮਿਹਨਤ ਕਰ ਰਹੇ ਹਨ।
ਸੁਨਾਮ ਹਲਕੇ ਤੋਂ ‘ਆਪ’ ਉਮੀਦਵਾਰ ਅਮਨ ਅਰੋੜਾ ਦੀ ਪਤਨੀ ਸ਼ੁਬੀਨਾ ਅਰੋੜਾ, ਧੂਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਕੌਰ ਖੰਗੜੂਾ ਤੋਂ ਇਲਾਵਾ ਵੱਖ-ਵੱਖ ਹੋਰ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਪਤਨੀਆਂ ਵੀ ਸਿਰ ਦੇ ਸਾਈਂ ਦੀ ਜਿੱਤ ਲਈ ਚੋਣ ਪ੍ਰਚਾਰ ’ਚ ਜੁਟੀਆਂ ਹੋਈਆਂ ਹਨ ਪਰੰਤੂ ਹੁਣ ਤਾਂ 10 ਮਾਰਚ ਨੂੰ ਹੀ ਪਤਾ ਲੱਗੇਗਾ ਕਿ ਕਿਸ ਦੇ ਸਿਰ ਦਾ ਸਾਈਂ ਪੰਜਾਬ ਵਿਧਾਨ ਸਭਾ ’ਚ ਪੁੱਜੇਗਾ।