ਖੇਤਰੀ ਪ੍ਰਤੀਨਿਧ
ਧੂਰੀ 2 ਮਾਰਚ
ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੀ ਮਦਦ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਉੱਪਰ ਵਿਸ਼ਵਾਸ ਤੇ ਹੌਸਲਾ ਰੱਖਣ ਕਿਉਂ ਕਿ ਸੂਬਾ ਸਰਕਾਰ ਦੀ ਵਿਦਿਆਰਥੀਆਂ ਨੂੰ ਭਾਰਤ ਲੈ ਕੇ ਆਉਣ ਦੀ ਡਿਊਟੀ ਬਣਦੀ ਹੈ।
ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਪਣੇ ਸਿਆਸੀ ਸਲਾਹਕਾਰ ਦਲਵੀਰ ਸਿੰਘ ਢਿੱਲੋਂ ਰਾਹੀਂ ਦੱਸਿਆ ਕਿ ਉਹ ਲਗਾਤਾਰ ਪੀੜਤ ਪਰਿਵਾਰਾਂ ਤੇ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਵਿਦਿਆਰਥੀਆਂ ਪ੍ਰਤੀ ਫ਼ਰਜ਼ ਹੈ। ਸ੍ਰੀ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਦਾ ਵਿਦੇਸ਼ਾਂ ਵਿੱਚ ਪੜ੍ਹਨ ਜਾਣਾ ਕੇਂਦਰ ਸਰਕਾਰ ਦੀਆਂ ਨੀਤੀਆਂ ਕਰ ਕੇ ਹੈ। ਦੇਸ਼ ਅੰਦਰ ਪੜ੍ਹਾਈ ਮਹਿੰਗੀ ਹੋਣ ਕਾਰਨ ਵਿਦਿਆਰਥੀ ਵਿਦੇਸ਼ ਜਾਣ ਲਈ ਮਜਬੂਰ ਹਨ। ਧੂਰੀ ਹਲਕੇ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਭੁਪਿੰਦਰ ਸਿੰਘ ਭਲਵਾਨ, ਜਤਿੰਦਰ ਸਿੰਘ ਸੋਨੀ ਮੰਡੇਰ, ਬਲਵਿੰਦਰ ਸਿੰਘ ਬਿੱਲੂ ਆਦਿ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਤੇ ਡੀਸੀ ਨੂੰ ਮੰਗ ਪੱਤਰ ਦਿੱਤੇ ਜਾਣਗੇ।
ਆਈਡੀਪੀ ਵੱਲੋਂ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੰਗ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਇੰਟਰਨੈਸ਼ਨਲਿਸਟ ਡੈਮੋਕਰੈਟਿਕ ਪਲੇਟਫਾਰਮ (ਆਈਡੀਪੀ) ਵੱਲੋਂ ਯੂਕਰੇਨ ’ਤੇ ਰੂਸੀ ਫੌਜਾਂ ਵੱਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ ਗਈ ਹੈ। ਇੱਥੇ ਮੀਟਿੰਗ ਦੌਰਾਨ ਆਈਡੀਪੀ ਦੇ ਆਗੂ ਕਰਨੈਲ ਸਿੰਘ ਜਖੇਪਲ, ਗੁਰਮੀਤ ਸਿੰਘ ਥੂਹੀ, ਤਰਲੋਚਨ ਸਿੰਘ ਸੂਲਰ ਘਰਾਟ, ਫਲਜੀਤ ਸਿੰਘ ਸੰਗਰੂਰ ਤੇ ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਯੂਕਰੇਨ ’ਤੇ ਰੂਸੀ ਫੌਜਾਂ ਵੱਲੋਂ ਕੀਤੇ ਹਮਲੇ ਨਾਲ ਸੈਂਕੜੇ ਮਨੁੱਖੀ ਜਾਨਾਂ ਚਲੀਆਂ ਗਈਆਂ। ਇਸ ਜੰਗ ਨੇ ਪੂਰੀ ਦੁਨੀਆਂ ਦਾ ਧਿਆਨ ਕੇਂਦਰਿਤ ਕੀਤਾ ਹੈ ਕਿਉਂਕਿ ਜੰਗ ਲੱਗਣ ਨਾਲ ਜਿਥੇ ਕੀਮਤੀ ਮਨੁੱਖੀ ਜਾਨਾਂ ਜਾ ਰਹੀਆਂ ਹਨ ਉਥੇ ਆਰਥਿਕ ਸੰਕਟ ਵੀ ਪੈਦਾ ਹੋਵੇਗਾ। ਆਗੂਆਂ ਨੇ ਕਿਹਾ ਕਿ ਤੁਰੰਤ ਜੰਗ ਬੰਦ ਕਰਵਾਉਣ ਲਈ ਦੱਖਣੀ ਏਸ਼ੀਆਂ ਦੇ ਬਰਿਕਸ ਦੇਸ਼ਾਂ ਨੂੰ ਇਕਜੁੱਟ ਹੋਣ ਅਤੇ ਕੌਮਾਂਤਰੀ ਸੰਸਥਾਵਾਂ ਨੂੰ ਸੰਜੀਦਾ ਦਖ਼ਲਅੰਦਾਜੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਸਰਕਾਰੀ ਖਰਚੇ ’ਤੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਤਨ ਸੁਰੱਖਿਅਤ ਵਾਪਸ ਲਿਆਉਣ ਲਈ ਹੋਰ ਲੋੜੀਂਦੇ ਕਦਮ ਉਠਾਉਣੇ ਚਾਹੀਦੇ ਹਨ ਕਿਉਂਕਿ ਹਵਾਈ ਸਫ਼ਰ ਦੀ ਟਿਕਟ ਚਾਰ ਗੁਣਾ ਮਹਿੰਗੀ ਹੋ ਗਈ ਹੈ। ਬਹੁਤੇ ਵਿਦਿਆਰਥੀ ਇਹ ਮਹਿੰਗਾ ਖਰਚ ਚੁੱਕਣ ਵਿੱਚ ਅਸਮਰੱਥ ਹੋ ਸਕਦੇ ਹਨ। ਅਜਿਹੇ ਹੰਗਾਮੀ ਹਾਲਾਤ ਵਿਚ ਕੇਂਦਰ ਸਰਕਾਰ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।